ਲੰਡਨ ਤੋਂ ਅੰਮ੍ਰਿਤਸਰ ਸਿੱਧੀ ਉਡਾਣ

Jun 20 2019 03:08 PM
ਲੰਡਨ ਤੋਂ ਅੰਮ੍ਰਿਤਸਰ ਸਿੱਧੀ ਉਡਾਣ

ਚੰਡੀਗੜ੍ਹ:

ਹੁਣ ਲੰਡਨ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਲਈ ਚਾਰਾਜੋਈ ਸ਼ੁਰੂ ਹੋ ਗਈ ਹੈ। ਇਸ ਨਾਲ ਪੰਜਾਬੀਆਂ ਨੂੰ ਵੱਡਾ ਲਾਹਾ ਮਿਲੇਗਾ ਕਿਉਂਕਿ ਵੱਡੀ ਗਿਣਤੀ ਲੋਕ ਯੂਰਪ ਵਿੱਚ ਵੱਸਦੇ ਹਨ। ਇਸ ਮੁੱਦੇ ਨੂੰ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਉੱਥੋਂ ਦੀ ਹਵਾਬਾਜ਼ੀ ਮੰਤਰੀ ਬਾਰੋਨਿਸ ਵੀਰੀ ਕੋਲ ਉਠਾਇਆ ਹੈ।
ਢੇਸੀ ਨੇ ਮੰਗ ਕੀਤੀ ਕਿ ਇਸ ਹਵਾਈ ਮਾਰਗ ’ਤੇ ਸੇਵਾਵਾਂ ਸ਼ੁਰੂ ਹੋਣ ਨਾਲ ਸੱਭਿਆਚਾਰਕ ਤੇ ਟੂਰਿਜ਼ਮ ਵਪਾਰ ਨੂੰ ਹੁਲਾਰਾ ਮਿਲੇਗਾ। ਸਮੁੱਚੇ ਯੂਰਪ ਵਿਚੋਂ ਕੋਈ ਵੀ ਹਵਾਈ ਕੰਪਨੀ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਨਹੀਂ ਭਰਦੀ। ਜੇ ਲੰਡਨ-ਅੰਮ੍ਰਿਤਸਰ ਹਵਾਈ ਰੂਟ ਸ਼ੁਰੂ ਹੁੰਦਾ ਹੈ ਤਾਂ ਇਸ ਨਾਲ ਕਾਰੋਬਾਰ ਨੂੰ ਚੰਗਾ ਹੁੰਗਾਰਾ ਮਿਲਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ 2018 ਵਿਚ ਬਹੁਤ ਸਾਰੇ ਐਮਪੀਜ਼ ਨੇ ਇੰਗਲੈਂਡ ’ਚ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਲੰਡਨ-ਅੰਮ੍ਰਿਤਸਰ ਹਵਾਈ ਰੂਟ ਸ਼ੁਰੂ ਕਰਨ ਦੀ ਮੁਹਿੰਮ ਚਲਾਈ ਸੀ।
ਯਾਦ ਰਹੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਦੁਨੀਆਂ ਭਰ ਵਿੱਚੋਂ ਇਕ ਲੱਖ ਤੇ ਕਰੀਬ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ। ਇੰਗਲੈਂਡ ਵਿੱਚ ਵੀ ਲੱਖਾਂ ਪੰਜਾਬੀ ਰਹਿੰਦੇ ਹਨ, ਜਿਹੜੇ ਪੰਜਾਬ ਜਾਣ ਸਮੇਂ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਨੂੰ ਤਰਜੀਹ ਦਿੰਦੇ ਹਨ। ਇਸ ਹਵਾਈ ਰੂਟ ’ਤੇ ਸੇਵਾਵਾਂ ਦੇਣ ਨਾਲ ਕਿਸੇ ਵੀ ਏਅਰਲਾਈਨ ਨੂੰ ਘਾਟਾ ਨਹੀਂ ਪਵੇਗਾ।

© 2016 News Track Live - ALL RIGHTS RESERVED