ਮੱਕੀ ਦੀ ਸਫਲ ਕਾਸ਼ਤ ਅਤੇ ਵਧੇਰੇ ਪੈਦਾਵਾਰ ਲਈ ਨਵੀਨਤਮ ਤਕਨੀਕਾਂ ਅਪਨਾਉਣੀਆਂ ਜ਼ਰੂਰੀ

Jul 02 2019 01:36 PM
ਮੱਕੀ ਦੀ ਸਫਲ ਕਾਸ਼ਤ ਅਤੇ ਵਧੇਰੇ ਪੈਦਾਵਾਰ ਲਈ ਨਵੀਨਤਮ ਤਕਨੀਕਾਂ ਅਪਨਾਉਣੀਆਂ ਜ਼ਰੂਰੀ


ਪਠਾਨਕੋਟ

ਪੰਜਾਬ ਵਿੱਚ ਨੇੜ ਭਵਿੱਖ ਵਿੱਚ ਸੰਭਾਵਿਤ ਪਾਣੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਹੇਠ ਲਿਆਉਣ ਲਈ ਚਲਾਈ ਮਹਿੰਮ ਤਹਿਤ ਜ਼ਿਲ੍ਹਾ ਪਠਾਨਕੋਟ ਵਿੱਚ ਮੱਕੀ ਦੀ ਬਜਾਈ ਦਾ ਜਾਇਜ਼ਾ ਲੈਣ ਲਈ ਡਾਇਰੈਕਟਰ,ਖੇਤੀਬਾੜੀ ਅਤੇ ਕਿਸਾਨ ਬਲ਼ਾਈ ਵਿਭਾਗ ਡਾ ਸੁਤੰਤਰ ਕੁਮਾਰ ਐਰੀ ਦੀ ਅਗਵਾਈ ਉੱਚ ਪੱਧਰੀ ਟੀਮ ਵੱਲੋਂ ਪਿੰਡ ਢਾਕੀ ਸੈਦਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੀ ਮੱਕੀ ਦੀ ਬਿਜਾਈ ਨਾਲ ਸੰਬੰਧਤ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਉਨਾਂ ਦੇ ਨਾਲ ਡਾ ਪਰਮਿੰਦਰ ਸਿੰਘ ਸੰਯੁਕਤ ਨਿਰਦੇਸ਼ਕ (ਨ.ਫ.) ਖੇਤੀਬਾੜੀ, ਡਾ ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ ਅਨਿਲ ਕੁਮਾਰ ਮੱਕੀ ਵਿਕਾਸ ਅਫਸਰ, ਡਾ ਰਜਿੰਦਰ ਕੁਮਾਰ ਖੇਤੀਬਾੜੀ ਅਫਸਰ ਧਾਰਕਲਾਂ, ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ ਰਣਧੀਰ ਸਿੰਘ ਸਹਾਇਕ ਮੰਡੀਕਰਨ ਅਫਸਰ, ਡਾ ਪ੍ਰਭਜੋਤ ਸਿੰਘ ਡਿਪਟੀ ਪੀ ਡੀ, ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ, ਜਗਦੀਸ਼ ਸਿੰਘ, ਸੰਸਾਰ ਸਿੰਘ, ਭਾਰਤ ਭੂਸ਼ਨ, ਸ਼ਿਵ ਦਾਸ ਗੂੜਾ ਕਲਾਂ, ਬਲਦੇਵ ਰਾਜ, ਪ੍ਰੇਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
    ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਨੇੜ ਭਵਿੱਖ ਵਿੱਚ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਜਾਵੇ ਜਿਸ ਦਾ ਸਿੱਧੇ ਤੌਰ ਤੇ ਪ੍ਰਭਾਵ ਪੰਜਾਬ ਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਤੇ ਵੀ ਪਵੇਗਾ।ਉਨਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਪੰਜਾਬ ਸਰਕਾਰ ਨੇ ਮੱਕੀ ਦੀ ਫਸਲ ਨੂੰ ਉਤਸਾਹਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਪੰਜਾਬ ਵਿੱਚ ਕੁੱਲ 1 ਲੱਖ 60 ਹਜ਼ਾਰ ਰਕਬੇ ਵਿੱਚ ਮੱਕੀ ਦੀ ਫਸਲ ਦੀ ਬਿਜਾਈ ਕਰਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਹੁਣ ਤੱਕ ਇੱਕ ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਮੱਕੀ ਦੀ ਕਾਸ਼ਤ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਬਰਸਾਤਾਂ ਸ਼ੁਰੂ ਹੋਣ ਨਾਲ ਅਗਲੇ ਪੰਦਰਾਂ ਵੀਹ ਦਿਨਾਂ ਦੌਰਾਨ ਇਹ ਟੀਚਾ ਪੂਰਾ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿੱਚ 16000 ਹੈਕਟੇਅਰ ਰਕਬਾ ਮੱਕੀ ਹੇਠ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ।ਉਨਾ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਬਰਾਨੀ ਰਕਬਾ ਜ਼ਿਆਦਾ ਹੋਣ ਕਾਰਨ ਬਰਸਾਤ ਹੋਣ ਤੇ ਮੱਕੀ ਦੀ ਬਿਜਾਈ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਮੱਕੀ ਦੀ ਸਫਲ ਕਾਸ਼ਤ ਲਈ ਵਿਗਿਆਨਕ ਤਕਨੀਕਾਂ ਅਪਨਾਉਣੀਆ ਬਹੁਤ ਜ਼ਰੂਰੀ ਹਨ। ਉਨਾ ਕਿਹਾ ਕਿ ਯੱਟਾ ਵਿਧੀ ਨਾਲ ਮੱਕੀ ਦੀ ਫਸਲ ਦਾ ਝਾੜ ਘੱਟ ਨਿਕਲਦਾ ਹੈ ਅਤੇ ਡਿੱਗਦੀ ਵੀ ਬਹੁਤ ਹੈ।ਉਨਾਂ ਕਿਹਾ ਕਿ ਮੱਕੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਸਿਫਰਾਸ਼ਾਂ ਅਨੁਸਾਰ ਬਿਜਾਈ ਦੇ ਤਰੀਕੇ ਅਪਨਾਉਣੇ ਚਾਹੀਦੇ ਹਨ। ਉਨਾਂ ਕਿਹਾ ਕਿ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਮੱਕੀ ਦੇ ਬੀਜ ਉੱਪਰ ਪ੍ਰਤੀ ਕਿਲੋ 90/- ਰੁਪਏ ਸਬਸਿਡੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਹ ਸਬਸਿਡੀ ਵਿਭਾਗ ਵੱਲੋਂ ਸਿਫਾਰਸ਼ ਹਾਈਬ੍ਰਿਡ ਕਿਸਮਾਂ ਤੇ ਹੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕਿਸਾਨ  ਕਿਸੇ ਵੀ ਨਿੱਜੀ ਮੱਕੀ ਦੇ ਬੀਜ ਦੇ ਵਿਕ੍ਰੇਤਾ ਤੋਂ ਬੀਜ ਖ੍ਰੀਦ ਉਪਰੰਤ ਬਿੱਲ ਸੰਬੰਧਤ ਖੇਤੀਬਾੜੀ ਦਫਤਰ ਵਿੱਚ ਜਮਾਂ ਕਰਵਾਏਗਾ ਅਤੇ ਸਬਸਿਡੀ ਦੀ ਰਕਮ ਲਾਭਪਾਤਰੀ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇੱਕ ਕਿਸਾਨ ਨੂੰ ਵੱਧ ਤੋਂ ਵੱਧ ਪੰਜ ਏਕੜ ਰਕਬੇ ਵਿੱਚ ਬੀਜੀ ਮੱਕੀ ਦੇ ਬੀਜ ਤੇ ਸਬਸਿਡੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਚਾਲੂ ਸਾਉਣੀ ਦੌਰਾਨ ਜ਼ਿਲਾ ਪਠਾਨਕੋਟ ਵਿੱਚ 50 ਏਕੜ ਰਕਬੇ ਵਿੱਚ ਮੱਕੀ ਦੀ ਫਸਲ ਵਿੱਚ ਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਕਰਦੇ ਹੋਏ ਪ੍ਰਦਰਸ਼ਨੀਆਂ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਉਨਾਂ ਦੱਸਿਆ ਕਿ ਇੱਕ ਏਕੜ ਰਕਬੇ ਵਿੱਚ ਤੁਪਕਾ ਸਿੰਚਾਈ ਵਿਧੀ ਲਗਾਉਣ ਤੇ ਕੁੱਲ 1 ਲੱਖ 35 ਹਜ਼ਾਰ ਖਰਚਾ ਆਉਣ ਦੀ ਸੰਭਾਵਨਾ ਹੈ ਪਰ ਕਿਸਾਨ ਵੱਲੋਂ ਸਿਰਫ 10000/-ਰੁਪਏ ਪ੍ਰਤੀ ਏਕੜ ਹੀ ਖਰਚੇ ਜਾਣੇ ਹਨ, ਬਾਕੀ ਦਾ ਖਰਚਾ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਵੱਲੋਂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਪਿੰਡਾਂ ਵਿੱਚ ਜੇਕਰ ਕਿਸੇ ਪਿੰਡ ਵਿੱਚ ਕੋਈ ਬੋਰ ਖਰਾਬ ਜਾਂ ਖੁੱਲਾ ਪਿਆਂ ਹੈ ਤਾਂ ਉਸ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਜੋ ਕੋਈ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ। ਡਾ ਪਰਮਿੰਦਰ ਸਿੰਘ ਨੇ ਕਿਹਾ ਕਿ ਮੱਕੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਪ੍ਰਤੀ ਏਕੜ ਬੂਟਿਆਂ ਦੀ ਗਿਣਤੀ 32000-33000 ਹੋਣੀ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਜੇਕਰ ਕਣਕ ਦੀ ਫਸਲ ਨੂੰ ਸਿਫਾਰਸ਼ਾਂ ਅਨੁਸਾਰ ਡਾਇਆ ਖਾਦ ਪਾਈ ਗਈ ਹੈ ਤਾਂ ਸਾਉਣੀ ਦੀਆਂ ਫਸਲਾਂ ਨੂੰ ਡਾਇਆ ਖਾਦ ਪਾਉਣ ਦੀ ਜ਼ਰੂਰਤ ਨਹੀਂ।ਅਗਾਂਹਵਧੂ ਕਿਸਾਨ ਸੰਸਾਰ ਸਿੰਘ ਅਤੇ ਭਾਰਤ ਭੂਸ਼ਣ ਨੇ ਮੰਗ ਕੀਤੀ ਕਿ ਜੰਗਲੀ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਕਿਉਂਕਿ ਇਹ ਜਾਨਵਰ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ।ਉਨਾਂ ਇਹ ਵੀ ਮੰਗ ਕੀਤੀ ਕਿ ਮੱਕੀ ਦੀ ਖ੍ਰੀਦ ਲਈ ਜ਼ਿਲਾ ਪਠਾਨਕੋਟ ਵਿੱਚ ਮੰਡੀ ਸ਼ੁਰੂ ਕੀਤੀ ਜਾਵੇ। ਇਸ ਮੌਕੇ ਮੌਨਸੈਂਟੋ ਇੰਡੀਆ ਲਿਮਿਟਡ ਦੇ ਸਹਿਯੋਗ ਨਾਲ ਮੱਕੀ ਦੀ ਫਸਲ ਦੀ ਪਰਦਰਸ਼ਨੀ ਦਾ ਆਯੋਜਨ ਕੀਤਾ ਗਿਆ।

© 2016 News Track Live - ALL RIGHTS RESERVED