ਸਫਾਈ ਕਰਮਚਾਰੀਆਂ ਦਾ ਰੈਗੂਲਰ ਮੈਡੀਕਲ ਚੈੱਕਅੱਪ ਤੇ ਸੇਫਟੀ ਕਿੱਟਾਂ ਮੁਹੱਈਆ ਕਰਨ ਸਮੇਤ ਸਮੂਹ ਸਹੂਲਤਾਂ ਦੇਣ ਦੇ ਦਿੱਤੇ ਨਿਰਦੇਸ਼

Jul 11 2019 01:56 PM
ਸਫਾਈ ਕਰਮਚਾਰੀਆਂ ਦਾ ਰੈਗੂਲਰ ਮੈਡੀਕਲ ਚੈੱਕਅੱਪ ਤੇ ਸੇਫਟੀ ਕਿੱਟਾਂ ਮੁਹੱਈਆ ਕਰਨ ਸਮੇਤ ਸਮੂਹ ਸਹੂਲਤਾਂ ਦੇਣ ਦੇ ਦਿੱਤੇ ਨਿਰਦੇਸ਼

 

 

ਪਠਾਨਕੋਟ

ਸ੍ਰੀਮਤੀ ਮੰਜੂ ਦਲੇਰ, ਮੈਂਬਰ ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀਜ਼ ਮਨਿਸਟਰੀ ਆਫ ਸ਼ੋਸਲ ਜਸਟਿਸ ਐਂਡ ਇੰਪਾਵਰਮੈਂਟ ਆਫ ਇੰਡੀਆ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਸਕ ਮਲਿਕਪੁਰ (ਪਠਾਨਕੋਟ) ਦੇ ਮੀਟਿੰਗ ਹਾਲ ਵਿਖੇ ਸਫਾਈ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸ੍ਰੀ ਰਾਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ), ਅਰਸ਼ਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਪਿਰਥੀ ਸਿੰਘ ਸਹਾਇਕ ਕਮਿਸ਼ਨਰ (ਜਨਰਲ), ਜਸਦੇਵ ਸਿੰਘ ਜ਼ਿਲ੍ਹਾ ਭਲਾਈ ਅਫਸਰ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਸਤੀਸ਼ ਸੈਣੀ, ਜਾਨੂ, ਅਤੇ ਵੱਖ-ਵੱਖ ਸਫਾਈ ਕਰਮਚਾਰੀਆਂ ਤੇ ਯੂਨੀਅਨਾਂ ਦੇ ਪ੍ਰਧਾਨ ਵੀ ਹਾਜਰ ਸਨ।
  ਮੀਟਿੰਗ ਦੌਰਾਨ ਸ੍ਰੀਮਤੀ ਮੰਜੂ ਦਲੇਰ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸਫਾਈ ਕਰਮਚਾਰੀਆਂ ਦੇ ਹਿੱਤ ਵਿਚ ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀਜ਼ ਕਮਿਸ਼ਨ ਸਥਾਪਿਤ ਕੀਤਾ ਗਿਆ ਹੈ ਜਿਸਦਾ ਮੁੱਖ ਮੰਤਵ ਸਫਾਈ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਹੈ ਤੇ ਉਨਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਪੁਜਦਾ ਕਰਨਾ ਹੈ। ਉਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰ ਵਲੋਂ ਸਫਾਈ ਕਰਮਚਾਰੀਆਂ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਸਫਾਈ ਕਰਮਚਾਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਮੁਹੱਈਆ ਕਰਵਾਉਣ।
  ਇਸ ਮੌਕੇ ‘ਤੇ ਸ੍ਰੀਮਤੀ ਮੰਜੂ ਦਲੇਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਫਾਈ ਕਰਮਚਾਰੀਆਂ ਦੀ ਸਿਹਤ ਜਾਂਚ ਰੈਗੂਲਰ ਕਰਵਾਉਣ ਨੂੰ ਯਕੀਨੀ ਬਣਾਉਣ ਅਤੇ ਸੇਫਟੀ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਆਉਟ ਸੋਰਸਜ ਰਾਹੀਂ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਤਨਖਾਹ ਵਿਚੋਂ ਕੱਟਣ ਵਾਲੇ ਈ.ਪੀ.ਐਫ ਦੀ ਸਟੇਟਮੈਂਟ ਰੈਗੂਲਰ ਮੁਹੱਈਆ ਕਰਵਾਈਆਂ ਜਾਣ। ਲੋੜ ਪੈਣ ਤੇ ਪੀ.ਐਫ ਜਲਦ ਦਿੱਤਾ ਜਾਵੇ, ਸੇਵਾ ਮੁਕਤੀ ਉਪਰੰਤ ਦਿੱਤੇ ਜਾਣ ਵਾਲੇ ਲਾਭ ਜਲਦ ਮੁਹੱਈਆ ਕਰਵਾਏ ਜਾਣ। ਉਨ੍ਹਾਂ ਨੇ ਨਗਰ ਨਿਗਮ ਪਠਾਨਕੋਟ, ਨਗਰ ਕੌਂਸਲ ਸੁਜਾਨਪੁਰ ਅਤੇ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਫਾਈ ਕਰਮਚਾਰੀਆਂ ਦੀਆਂ ਮੁਸਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਅਤੇ ਕਰਮਚਾਰੀਆਂ ਨੂੰ ਸੇਫਟੀ ਕਿੱਟਾਂ ਵੀ ਮੁਹਈਆ ਕਰਵਾਉਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੀਵਰੇਜ ਦੀ ਸਫਾਈ ਮਸ਼ੀਨ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਅਤੇ ਬਾਜਾਰ ਦੀਆਂ ਤੰਗ ਗਲੀਆਂ ਵਿੱਚ ਨਵੀਂ ਤਕਨੀਕ ਦੀ ਸੀਵਰੇਜ ਸਫਾਈ ਕਰਨ ਵਾਲੀ ਮਸ਼ੀਨ ਦੀ ਵਰਤੋਂ ਕਰਨ।
  ਉਨਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਰਮਚਾਰੀਆਂ ਨੂੰ ਬਣਦਾ ਲਾਭ ਦੇਣ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਜ਼ਿਲ੍ਹਾ ਭਲਾਈ ਵਿਭਾਗ ਪਠਾਨਕੋਟ ਦੇ ਅਧਿਕਾਰੀ ਨੂੰ ਕਿਹਾ ਕਿ ਉਹ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਪੈਫਲੇਟ, ਬੈਨਰ ਆਦਿ ਬਣਾ ਕੇ ਲੋਕਾਂ ਤੱਕ ਜਾਣਕਾਰੀ ਪਹੰੁਚਾਉਣ ਤਾਂ ਜੋ ਲੋੜਵੰਦ ਲੋਕ ਇੰਨ੍ਹਾਂ ਸਕੀਮਾਂ ਤੋਂ ਲਾਭ ਪ੍ਰਾਪਤ ਕਰ ਸਕਣ। 

© 2016 News Track Live - ALL RIGHTS RESERVED