ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਵੱਲੋਂ ਝੋਨੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਪਿੰਡਾਂ ਦਾ ਦੌਰਾ ਕੀਤਾ

Jul 23 2019 01:25 PM
ਖੇਤੀਬਾੜੀ  ਅਤੇ ਕਿਸਾਨ ਭਲਾਈ  ਵਿਭਾਗ ਦੀ ਟੀਮ ਵੱਲੋਂ  ਵੱਲੋਂ ਝੋਨੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਪਿੰਡਾਂ ਦਾ ਦੌਰਾ ਕੀਤਾ



ਪਠਾਨਕੋਟ

ਝੋਨੇ ਦੀ ਫਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਸਿਫਾਰਸ਼ਸ਼ੁਦਾ ਕੀਟ ਨਾਸ਼ਕਾਂ ਦਾ ਸਹੀ ਸਮੇਂ ਤੇ ਸਹੀ ਮਾਤਰਾ ਵਿੱਚ ਇਸਤੇਮਾਲ ਕਰਨਾ ਚਾਹੀਦਾ ਤਾਂ ਜੋ ਬਾਅਦ ਵਿੱਚ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਇਹ ਵਿਚਾਰ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ,ਪਠਾਨਕੋਟ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਲਾਕ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਪਿੰਡ ਦਰਸ਼ੋਪੁਰ ਵਿੱਚ ਅਗਾਂਹਵਧੂ ਕਿਸਾਨ ਬਲਵੰਤ ਸਿੰਘ ਦੇ ਖੇਤਾਂ ਵਿੱਚ ਗੱਲਬਾਤ ਕਰਦਿਆਂ ਕਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ,ਵਿਜੇ ਕੁਮਾਰ,ਜੀਵਨ ਲਾਲ ਹਾਜ਼ਰ ਸਨ । ਮੌਕੇ ਤੇ ਖੇਤਾਂ ਵਿੱਚ ਝੋਨੇ ਦੀ ਫਸਲ ਉੱਪਰ ਜ਼ਿੰਕ ਦੀ ਘਾਟ ਦੀ ਪੂਰਤੀ ਲਈ ਸਰਬਪੱਖੀ ਖੁਰਾਕੀ ਤੱਤ ਪ੍ਰਬੰਧਾਂ ਬਾਰੇ ਕਿਸਾਨਾਂ ਨੂੰ ਜਾਗਰੁਕ ਕੀਤਾ ਗਿਆ।
       ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਝੋਨੇ ਵਿਚ ਡਾਇਆ ਖਾਦ ਨਾਂ ਪਾਉਣ ਬਾਰੇ ਮੁਹਿੰਮ ਚਲਾਈ ਸੀ,ਜਿਸ ਦਾ ਮੁੱਖ ਮਕਸਦ ਖੇਤੀ ਲਾਗਤ ਖਰਚੇ ਘਟਾ ਕੇ ਸ਼ੁੱਧ ਆਮਦਨ ਵਿਚ ਵਾਧਾ ਕਰਨ ਅਤੇ ਸ਼ੁੱਧ ਖੁਰਾਕ ਪੈਦਾ ਕਰਨੀ। ਉਨਾਂ ਕਿਹਾ ਕਿ ਜੇਕਰ ਕਣਕ ਦੀ ਫਸਲ ਨੂੰ ਸਿਫਾਰਸ਼ ਮਾਤਰਾ ਵਿਚ ਡਾਇਆ ਖਾਦ ਪੈ ਗਈ ਸੀ ਤਾਂ ਝੋਨੇ ਦੀ ਫਸਲ ਨੂੰ ਡਾਇਆ ਖਾਦ ਪਾਉਣ ਫਾਈ ਜ਼ਰੂਰਤ ਨਹੀਂ ਹੁੰਦੀ।ਉਨਾਂ ਕਿਹਾ ਕਿ ਕੀਤੇ ਗਏ ਪ੍ਰਚਾਰ ਸਦਕਾ ਕਾਫੀ ਕਿਸਾਨਾਂ ਨੇ ਝੋਨੇ ਦੀ ਫਸਲ ਨੂੰ  ਡਾਇਆ ਖਾਦ ਨਹੀਂ ਪਾਈ ਪਰ ਫਿਰ ਵੀ ਕਈ ਕਿਸਾਨਾਂ ਨੇ 25 ਤੋਂ 45 ਕਿਲੋ ਪ੍ਰਤੀ ਏਕੜ ਡਾਇਆ ਖਾਦ ਝੋਨੇ ਦੀ ਫਸਲ ਨੂੰ ਪਾਈ ਹੈ ਜਿਸ ਕਾਰਨ ਝੋਨੇ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਵੇਖਣ ਨੂੰ ਮਿਲੀਆਂ ਹਨ। ਉਨਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕਣਕ ਅਤੇ ਝੋਨੇ ਦੋਹਾਂ ਫਸਲਾਂ ਨੂੰ ਡਾਇਆ ਖਾਦ ਪਾਉਣ ਕਾਰਨ ਮਿੱਟੀ ਵਿਚ ਫੋਸਫੋਰਸ ਖੁਰਾਕੀ ਤੱਤ ਬਹੁਤਾਤ ਵਿਚ ਹੋ ਗਿਆ ਹੈ। ਉਨਾਂ ਕਿਹਾ ਕਿ ਜਦੋਂ ਫਾਸਫੋਰਸ ਤੱਤ ਜ਼ਮੀਨ ਵਿਚ ਵੱਧ ਹੋਵੇਗਾ ਤਾਂ ਜ਼ਮੀਨ ਵਿਚ ਜ਼ਿੰਕ ਦੀ ਘਾਟ ਆਵੇਗੀ ਕਿਉਂਕਿ ਜ਼ਿਆਦਾ ਫਾਸਫੋਰਸ ਤੱਤ ,ਜਮੀਨ ਵਿੱਚ ਉਪਲਬਧ ਜ਼ਿੰਕ ਨੂੰ ਨਾਂ ਵਰਤੋਂ ਯੋਗ ਹਾਲਤ ਵਿਚ ਤਬਦੀਲ ਕਰ ਦਿੰਦਾ ਹੈ ਅਤੇ ਫਸਲ ਵਿਚ ਜ਼ਿੰਕ ਦੀ ਘਾਟ ਆ ਜਾਂਦੀ ਹੈ। ਉਨਾਂ ਕਿਹਾ ਕਿ  ਜੇਕਰ ਜ਼ਿੰਕ ਜ਼ਿਆਦਾ ਮਾਤਰਾ ਵਿਚ  ਜ਼ਮੀਨ ਵਿਚ ਹੋਵੇਗੀ ਤਾਂ ਫਾਸਫੋਰਸ ਤੱਤ ਦੀ ਘਾਟ ਆਵੇਗੀ, ਇਸ ਲਈ ਰਸਾਇਣਕ ਅਤੇ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਜੇਕਰ ਤੁਹਾਡੇ ਝੋਨੇ ਦੀ ਫਸਲ ਉਪਰ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਦਿਸ ਰਹੀਆਂ ਹਨ ਤਾਂ 500 ਗ੍ਰਾਮ ਜ਼ਿੰਕ ਸਲਫੇਟ 21% ਜਾਂ 400 ਗ੍ਰਾਮ ਜ਼ਿੰਕ  33% ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿਚ ਘੋਲ ਕੇ  ਹਫਤੇ ਹਫਤੇ ਦੇ ਵਕਫੇ ਤੇ ਦੋ ਛਿੜਕਾਅ ਕਰ ਦਿਓ ਜਾਂ 10 ਕਿਲੋ ਜ਼ਿੰਕ ਸਲਫੇਟ 21% ਜਾਂ 6.5 ਕਿਲੋ ਜ਼ਿੰਕ ਸਲਫੇਟ 33% ਪ੍ਰਤੀ ਏਕੜ ਨੂੰ ਏਨੀ ਕੁ ਹੀ ਮਿੱਟੀ ਵਿੱਚ ਮਿਲਾ ਕੇ ਛੱਟੇ ਨਾਲ ਪਾ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਜ਼ਿੰਕ ਦੇ ਘੋਲ ਵਿਚ ਅੱਧਾ ਕਿਲੋ ਚੂਨੇ ਵਾਲਾ  ਨਿਤਰਿਆ ਹੋਇਆ ਪਾਣੀ ਵੀ ਮਿਲਾਇਆ ਜਾ ਸਕਦਾ। ਡਾ. ਮਨਦੀਪ ਕੌਰ ਨੇ ਕਿਹਾ ਕਿ ਖੇਤ ਵਿਚ ਲਗਾਤਾਰ ਪਾਣੀ ਖੜਾ ਨਾਂ ਰੱਖੋ ਤਾਂ ਜੋ ਮਿੱਟੀ ਵਿੱਚ ਹਵਾ ਦਾ ਸੰਚਾਰ ਵਧੇ ਅਤੇ ਝੋਨੇ ਦੀ ਫਸਲ ਨੂੰ ਜ਼ਿੰਕ ਤੱਤ ਜ਼ਮੀਨ ਵਿਚੋਂ ਉਪਲਬਧ ਹੋ ਸ਼ਕੇ। ਉਨਾਂ ਕਿਹਾ ਕਿ ਪਹਿਲੇ ਲਗੇ ਪਾਣੀ ਦੇ ਜ਼ੀਰਨ ਨੂੰ ਬਾਅਦ ਹੀ ਅਗਲਾ ਪਾਣੀ ਲਗਾਓ ਅਤੇ ਮਿੱਟੀ ਪਰਖ ਕਰਵਾਓ।

© 2016 News Track Live - ALL RIGHTS RESERVED