ਮੱਕੀ ਦੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਨਿਰੰਤਰ ਨਿਰੀਖਣ ਜ਼ਰੂਰੀ :ਡਾ. ਅਮਰੀਕ ਸਿੰਘ

Aug 19 2019 02:25 PM
ਮੱਕੀ ਦੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਨਿਰੰਤਰ ਨਿਰੀਖਣ ਜ਼ਰੂਰੀ :ਡਾ. ਅਮਰੀਕ ਸਿੰਘ




ਪਠਾਨਕੋਟ

ਮੱਕੀ ਦੀ ਫਸਲ ਨੂੰ ਬਿਮਾਰੀਆ ਅਤੇ ਕੀੜਿਆਂ ਤੋਂ ਬਚਾਉਣ ਲਈ ਖੇਤਾਂ ਵਿੱਚ ਇਕੱਠੇ ਹੋਏ ਬਰਸਾਤੀ ਪਾਣੀ ਦੇ ਨਿਕਾਸ ਦਾ ਚੰਗਾ ਪ੍ਰਬੰਧ ਕਰਨਾ ਚਾਹੀਦਾ ਅਤੇ ਖੇਤ ਵਿੱਚ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ। ਇਹ ਜਾਣਕਾਰੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਦਿੱਤੀ। ਜਿਕਰਯੋਗ ਹੈ ਕਿ ਝੋਨੇ ਅਤੇ ਕਣਕ ਹੇਠਲਾ ਰਕਬਾ ਘਟਾਉਂਣ ਲਈ ਪੰਜਾਬ ਸਰਕਾਰ ਵੱਲੋਂ ਅਣਥੱਕ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਕਿਸਾਨਾਂ ਨੂੰ ਮੱਕੀ ਦੀ ਫਸ਼ਲ ਵਧੇਰੇ ਪੈਦਾ ਕਰਨ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। 
ਮੱਕੀ ਦੀ ਫਸਲ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਕਾਸ਼ਤ ਨਾਲ ਕੁਦਰਤੀ ਸਰੋਤ ਪਾਣੀ ਦੀ ਵਰਤੋਂ ਵੱਡੀ ਪੱਧਰ ਤੇ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਉਨਾ ਕਿਹਾ ਕਿ ਕਣਕ -ਝੋਨੇ ਫਸਲੀ ਚੱਕਰ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਹੋਣ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਲਗਾਤਾਰ ਘਟਦੀ ਜਾ ਰਹੀ ਹੈ,ਇਨਾਂ ਸਭ ਅਲਾਮਤਾਂ ਤੋਂ ਬਚਣ ਲਈ ਮੱਕੀ ਹੇਠਾਂ ਰਕਬਾ ਵਧਾਉਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਝੋਨੇ ਦੀ ਕਾਸਤ ਉਨਾਂ ਖੇਤਰਾਂ ਵਿੱਚ ਹੀ ਕੀਤੀ ਜਾਣੀ ਚਾਹੀਦੀ ਹੈ ਜਿਥੇ ਪਾਣੀ ਦੀ ਬਹੁਤਾਤ ਅਤੇ ਭਾਰੀਆਂ ਜ਼ਮੀਨਾਂ ਹਨ। ਉਨਾਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਬਹੁਤ ਸਾਰਾ ਰਕਬਾ ਅਜਿਹਾ ਹੈ ਜਿਥੇ ਜ਼ਮੀਨ ਰੇਤਲੀ ਕਣ ਵਾਲੀ ਅਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੀ ਬਹੁਤ ਨੀਵਾਂ ਹੈ ਅਜਿਹੇ ਖੇਤਰਾਂ ਵਿੱਚ ਮੱਕੀ ਦੀ ਕਾਸਤ ਬਹੁਤ ਹੀ ਸਫਲਤਾ ਪੂਰਵਕ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮੱਕੀ ਵਿਕਾਸ ਪ੍ਰੋਗਰਾਮ ਤਹਿ ਬਲਾਕ ਪਠਾਨਕੋਟ ਵਿੱਚ ਤਕਰੀਬਨ 3 ਹਜ਼ਾਰ ਹੈਕਟੇਅਰ ਰਕਬੇ ਵਿੱਚ ਮੱਕੀ ਦੀ ਕਾਸ਼ਤ ਕੀਤੀ ਗਈ ਹੈ। ਉਨਾਂ ਕਿਹਾ ਕਿ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਮੱਕੀ ਦੇ ਬੀਜ ਉੱਪਰ ਪ੍ਰਤੀ ਕਿਲੋ 90/- ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ। 
ਮੱਕੀ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕਰਦਿਆਂ ਖੇਤੀ ਮਾਹਿਰਾਂ ਕਿਹਾ ਕਿ ਜਿੰਨਾਂ ਕਿਸਾਨਾਂ ਨੇ ਮੱਕੀ ਦੀ ਡੀਕਾਲਬ 9164 ਕਿਸਮ ਜਾਂ ਹੋਰ ਸਿਫਾਰਸ਼ਸ਼ੁਦਾ ਕਿਸਮਾਂ ਦੀ ਕਾਸਤ ਕੀਤੀ ਹੈ ਉਹ ਬਿੱਲ ਅਤੇ ਹੋਰ ਜ਼ਰੂਰੀ ਕਾਗਜ਼ਾਤ ਸੰਬੰਧਤ ਖੇਤੀਬਾੜੀ ਦਫਤਰ ਵਿੱਚ ਜਮਾਂ ਕਰਵਾਉਣ ਤਾਂ ਜੋ ਸਬਸਿਡੀ ਦੀ ਰਕਮ ਖਾਤਿਆਂ ਵਿੱਚ ਜਮਾਂ ਕਰਵਾਈ ਜਾ ਸਕੇ। ਉਨਾਂ ਕਿਹਾ ਕਿ ਕੁਝ ਥਾਵਾਂ ਤੇ ਮੱਕੀ ਦੀ ਫਸਲ ਉੱਪਰ ਮੱਕੀ ਦੇ ਗੜੂੰਏ ਦਾ ਹਮਲਾ ਹੋਇਆ ਹੈ,ਜਿਸ ਦਾ ਤੁਰਮਤ ਇਲਾਜ ਕਰਨਾ ਚਾਹੀਦਾ ਹੈ। ਉਨਾ ਕਿਹਾ ਕਿ ਮੱਕੀ ਦੇ ਗੜੂੰਏ ਦੀਆਂ ਸੁੰਡੀਆਂ ਬੂਟੇ ਦੇ ਪੱਤਿਆਂ ਉੱਪਰ ਝੜੀਟਾਂ ਪਾਉਣ ਉਪਰੰਤ ਗੋਭ ਰਾਹੀਂ ਤਣੇ ਵਿੱਚ ਮੋਰੀਆਂ ਕਰ ਦਿੰਦੀ ਹੈ ਜਿਸ ਨਾਲ ਪੱਤਾ ਛਾਨਣੀ ਛਾਨਣੀ ਹੋ ਜਾਂਦਾ ਹੈ। ਉਨਾਂ ਕਿਹਾ ਕਿ ਇਸ ਕੀੜੇ ਦੀ ਰੋਕਥਾਮ ਲਈ 30 ਮਿਲੀਲਿਟਰ ਕਲੋਰਐਂਟਰਾਨੀਲੀਪਰੋਲ 18.5 ਐਸ ਸੀ ਪਰਤੀ ਏਕੜ ਨੂੰ 60 ਲਿਟਰ ਪਾਣੀ ਦੇ ਘੋਲ ਵਿੱਚ ਨੈਪ ਸੈਕ ਸਪਰੇਅ ਪੰਪ ਨਾਲ ਛਿੜਕਾਅ ਕਰ ਦੇਣਾ ਚਾਹੀਦਾ। 
ਕਿਸਾਨ ਸਿਮਰਨਜੀਤ ਸਿੰਘ ਨੇ ਮੰਗ ਕੀਤੀ ਕਿ ਜੰਗਲੀ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਕਿਉਂਕਿ ਇਹ ਜਾਨਵਰ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ। ਉਨਾਂ ਕਿਹਾ ਕਿ ਜ਼ਿਲਾ ਪਠਾਨਕੋਟ ਵਿੱਚ ਮੱਕੀ ਦੇ ਮੰਡੀਕਰਨ ਦਾ ਕੋਈ ਪੱਕੀ ਪ੍ਰਬੰਧ ਨਾਂ ਹੋਣ ਕਾਰਨ ਕਿਸਾਨਾਂ ਨੂੰ ਬਹੁਤ  ਜ਼ਿਆਦਾ ਵਿੱਤੀ ਨੁਕਸਾਨ ਹੁੰਦਾ ਹੈ। ਉਨਾਂ ਮੰਗ ਕੀਤੀ ਕਿ ਜ਼ਿਲੇ ਅੰਦਰ ਮੱਕੀ ਦੇ ਮੰਡੀਕਰਨ ਲਈ ਪੱਕੀ ਮੰਡੀ ਸਥਾਪਤ ਕੀਤੀ ਜਾਵੇ ਤਾਂ ਜੋ ਮੱਕੀ ਦੇ ਮੰਡੀਕਰਨ ਵਿੱਚ ਕੋਈ ਸਮੱਸਿਆ ਨਾਂ ਆਵੇ। ਇਸ ਮੌਕੇ ਹੋਰਨਾਂ ਤੋਂ ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ,ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਹਾਜ਼ਰ ਸਨ।

ਕੈਪਸ਼ਨ ਫੋਟੋ: ਬਲਾਕ ਪਠਾਨਕੋਟ ਦੇ ਪਿੰਡ ਫਰਵਾਲ ਵਿੱਚ ਮੱਕੀ ਦੀ ਫਸਲ ਦਾ ਜਾਇਜ਼ਾ ਲੈਂਦੇ ਹੋਏ ਖੇਤੀ ਮਾਹਿਰ।

© 2016 News Track Live - ALL RIGHTS RESERVED