ਬਾਸਮਤੀ ਦੀ ਫਸਲ ਵਿੱਚ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕ ਰਸਾਇਣਾਂ ਦੀ ਵਰਤੋਂ ਨਾਂ ਕੀਤੀ ਜਾਵੇ

Aug 30 2019 04:30 PM
ਬਾਸਮਤੀ ਦੀ ਫਸਲ ਵਿੱਚ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕ ਰਸਾਇਣਾਂ ਦੀ ਵਰਤੋਂ ਨਾਂ ਕੀਤੀ ਜਾਵੇ

 

 

ਪਠਾਨਕੋਟ

ਫਸਲਾਂ ਨੂੰ ਲੱਗਣ ਵਾਲੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਗੁਣਵਤਾ ਭਰਪੂਰ ਖੇਤੀ ਪੈਦਾਵਾਰ ਕਰਨ ਦੇ ਨਾਲ ਨਾਲ ਮਨੁੱਖੀ ਅਤੇ ਪਸ਼ੂਆਂ ਨੂੰ ਬਿਮਾਰੀਆਂ ਲੱਗਣ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ | ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ  ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ  ਹੇਠ ਬਲਾਕ ਪਠਾਨਕੋਟ ਦੇ ਪਿੰਡ ਜੰਗਲ  ਵਿੱਚ ਮਾਸਟਰ ਗਿਆਨ ਸਿੰਘ ਦੇ ਫਾਰਮ ਉੱਪਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਪ੍ਰੇਰਿਤ ਕਰਦਿਆਂ ਕਹੇ | ਇਸ ਮੌਕੇ ਉਨਾਂ ਦੇ ਨਾਲ ਸ਼੍ਰੀ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ,ਮਿਸ ਮਨਜੀਤ ਕੌਰ ਖੇਤੀ ਉਪ ਨਿਰੀਖਕ, ਬਲਵਿੰਦਰ ਸਿੰਘ ,ਮਨਦੀਪ ਹੰਸ ਸਹਾਇਕ ਤਕਨੀਕੀ ਪ੍ਰਬੰਧਕ,ਸੁਰੈਣ ਸਿੰਘ,ਸ਼ਾਮ ਲਾਲ ਪ੍ਰਧਾਨ ਸਮੇਤ ਹੋਰ ਕਿਸਾਨ ਹਾਜ਼ਰ ਸਨ |
          ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਝੋਨੇ ਅਤੇ ਬਾਸਮਤੀ ਨੂੰ ਕਈ ਤਰਾਂ ਦੇ ਕੀੜੇ ਮਕੌੜੇ ਅਤੇ ਬਿਮਾਰੀਆਂ ਨੁਕਸਾਨ ਕਰਦੀਆਂ ਹਨ, ਜਿਸ ਨਾਲ  ਪੈਦਾਵਾਰ ਘਟਣ ਨਾਲ ਨਾਲ ਕਿਸਾਨ ਦੀ ਖੇਤੀ ਆਮਦਨ ਘਟ ਜਾਂਦੀ ਹੈ | ਉਨਾਂ ਕਿਹਾ ਕਿ ਆਮ ਕਰਕੇ ਕਿਸਾਨ ਆਂਢੀਆਂ ਗੁਆਂਢੀਆਂ ਜਾਂ ਕੀਟਨਾਸ਼ਕ ਵਿਕ੍ਰੇਤਾਵਾਂ  ਜਾਂ ਆੜਤੀਆਂ ਦੇ ਕਹੇ ਤੇ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕ ਰਸਾਇਣਾਂ ਦਾ ਜ਼ਰੂਰਤ ਤੋਂ ਬਗੈਰ ਛਿੜਕਾਅ ਕਰਦੇ ਹਨ ਜਿਸ ਨਾਲ ਪ੍ਰਦੂਸ਼ਣ ਵਧਣ ਦੇ ਨਾਲ- ਨਾਲ ਖਾਣ ਵਾਲੇ ਖੇਤੀ ਪਦਾਰਥਾਂ ਵਿੱਚ ਇਨਾਂ ਰਸਾਇਣਾਂ ਦੇ ਅੰਸ਼ ਰਹਿ ਜਾਂਦੇ ਹਨ | ਉਨਾਂ ਕਿਹਾ ਕਿ ਕੁਝ ਥਾਵਾਂ ਤੇ ਝੋਨੇ ਅਤੇ ਬਾਸਮਤੀ ਤੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦਾ ਹਮਲਾ ਵੇਖਣ ਨੂੰ ਮਿਲਿਆ ਹੈ  | ਉਨਾਂ ਕਿਹਾ ਕਿ ਇਸ ਰੋਗ ਕਾਰਨ ਪੱਤੇ ਉੱਤੇ ਸਲੇਟੀ ਤੋ ਹਰੇ ਰੰਗ ਦੀਆਂ ਧਾਰੀਆਂ (ਜਿੰਨਾਂ ਦੇ ਸਿਰੇ ਜਾਮਨੀ ਹੁੰਦੇ ਹਨ) ਪਾਣੀ ਦੀ ਸਤਾਹ ਤੋਂ ਉੱਪਰ ਪੈ ਜਾਂਦੀਆਂ ਹਨ,ਜੋ ਧਾਰੀਆਂ ਬਾਅਦ ਵਿੱਚ ਇੱਕ ਦੂਸਰੀ ਨਾਲ ਮਿਲ ਜਾਂਦੀਆਂ ਹਨ | ਉਨਾਂ ਕਿਹਾ ਕਿ ਇਸ ਬਿਮਾਰੀ ਕਾਰਨ ਮੁੰਜਰਾਂ ਵਿੱਚ ਦਾਣੇ ਪੂਰੇ ਨਹੀ ਬਣਦੇ ਇਸ ਦਾ ਵਧੇਰੇ ਹਮਲਾ ਆਮ ਕਰਕੇ ਫਸਲ ਨਿਸਰਨ ਵੇਲੇ ਹੁੰਦਾ ਹੈ | ਇਸ ਰੋਗ ਦੀ ਰੋਕਥਾਮ ਬਾਰੇ ਡਾ ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਨੂੰ ਸਿਫਾਰਸ਼ਾਂ ਅਨੁਸਾਰ ਹੀ ਯੂਰੀਆਂ ਖਾਦ ਦੀ ਵਰਤੋ ਕਰਨੀ ਚਾਹੀਦੀ ਹੈ | ਉਨਾਂ ਕਿਹਾ ਕਿ ਜੇਕਰ ਬਿਮਾਰੀ ਦਾ ਹਮਲਾ ਜ਼ਿਆਦਾ ਹੈ ਤਾਂ ਫਲੂਜੀਲਾਜੋਲ+ਕਾਰਬੈਂਡਾਜ਼ੋਲ 37.5 ਈ ਸੀ ਜਾਂ 80 ਗ੍ਰਾਮ ਨੈਟੀਵੋ -75 ਜਾਂ 200 ਮਿ.ਲੀ.ਮੋਨਸਰਨ  ਡਬਲਿਯੂ ਜੀ ਜਾਂ 200 ਮਿ.ਲੀ.ਫੋਲੀਕਰ ਜਾਂ 200 ਮਿਲੀਲਿਟਰ ਐਮੀਸਟਾਰ 325 ਐਸ ਸੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਬੂਟੇ ਦੇ ਮੁੱਢਾਂ ਵੱਲ ਛਿੜਕਾਅ ਕਰੋ,ਪਰ ਇਹ ਛਿੜਕਾਅ ਫਸਲ ਦੇ ਨਿਸਰਣ ਤੋਂ ਪਹਿਲਾਂ ਹੀ ਕੀਤੀ ਜਾਵੇ ਅਤੇ ਨਿਸਰਣ ਤੋਂ ਬਾਅਦ ਕਿਸੇ ਦਵਾਈ ਦਾ ਛਿੜਕਾਅ ਨਾਂ ਕਰੋ | ਉਨਾਂ ਕਿਹਾ ਕਿ ਫਸਲ ਉੱਪਰ ਕਿਸੇ ਕਿਸਮ ਦੀ ਸਮੱਸਿਆ ਆਉਣ ਦੀ ਸੂਰਤ ਵਿੱਚ ਸਿੱਧਾ ਦੁਕਾਨਦਾਰ ਤੋਂ ਕੀਟ ਨਾਸ਼ਕ ਖ੍ਰੀਦਣ ਦੀ ਬਿਜਾਏ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੇ ਕੀਟਨਾਸ਼ਕਾਂ ਨੂੰ ਸਿਫਾਰਸ਼ ਕੀਤੀ ਮਾਤਰਾ ਅਨੁਸਾਰ ਹੀ ਇਸਤੇਮਾਲ ਕੀਤਾ ਜਾਵੇ | ਉਨਾਂ ਕਿਹਾ ਕਿ ਚਾੜਾ ਝੋਨਾ, ਮੁੱਖ ਫਸਲ ਵਿੱਚ ਉੱਗਿਆ ਜੰਗਲੀ ਝੋਨਾ ਹੁੰਦਾ ਹੈ,ਜਿਸ ਦੇ ਪੱਕਣ ਤੇ ਦਾਣੇ ਬਹੁਤ ਜਲਦੀ ਖੇਤ ਵਿੱਚ ਝੜ੍ਹ ਜਾਂਦੇ ਹਨ ਜੋ ਅਗਲੇ ਸਾਲ ਹੋਰ ਬੂਟੇ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ | ਉਨਾਂ ਕਿਹਾ ਕਿ ਮੁੱਖ ਫਸਲ ਵਿੱਚ ਬੂਟੇ ਉੱਚੇ ਹੋਣ ਕਾਰਨ ਪੰਛੀ ਵੀ ਇੰਨ੍ਹਾਂ ਉਪਰ ਬੈਠਦੇ ਹਨ ਜੋ ਦਾਣੇ ਜਮੀਨ ਉਪਰ ਕੇਰਨ ਵਿੱਚ ਸਹਾਈ ਹੁੰਦੇ ਹਨ  | ਉਨਾਂ ਕਿਹਾ ਕਿ ਜੇਕਰ ਫਸਲ ਵਿੱਚ ਅਜਿਹੇ ਬੂਟੇ ਹਨ ਤਾਂ ਪੁੱਟ ਕੇ ਨਸ਼ਟ ਕਰ ਦਿਉ | ਉਨਾਂ ਕਿਹਾ ਕਿ ਪਸ਼ੂਆਂ ਨੂੰ ਚਾਰੇ ਦੇ ਤੌਰ ਤੇ ਵੀ ਨਾਂ ਵਰਤੋ ਕਿਉਾ ਕਿ ਗੋਹੇ ਰਾਹੀਂ ਖੇਤਾਂ ਵਿੱਚ ਚਾੜਾ/ਸਾਉਣ ਦੇ ਬੀਜ ਦੁਬਾਰਾ ਚਲੇ ਜਾਂਦੇ ਹਨ ਜੋ ਦੁਬਾਰਾ ਉੁੱਗ ਪੈਂਦੇ ਹਨ | ਸ੍ਰੀ ਸੁਭਾਸ਼ ਚੰਦਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦ ਕਦੇ ਕਿਸੇ ਵੀ ਫਸਲ ਉਪਰ ਕੋਈ ਸਮੱਸਿਆ ਆਉਾਦੀ ਹੈ ਤਾਂ ਉਹ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੀਆਂ ਕੀਟਨਾਸ਼ਕ ਰਸਾਇਣਾਂ ਦਾ ਹੀ ਛਿੜਕਾਅ ਕਰਨ ਤਾਂ ਜੋ ਕੀੜਿਆਂ ਦੀ ਸੁਚੱਜੀ ਰੋਕਥਾਮ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ |

 

© 2016 News Track Live - ALL RIGHTS RESERVED