ਬਲਾਕ ਪਠਾਨਕੋਟ ਦੇ ਸਮੂਹ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੁਕਤਾ ਮਹਿੰਮ ਚਲਾਈ ਜਾਵੇਗੀ:

Sep 05 2019 04:29 PM
ਬਲਾਕ ਪਠਾਨਕੋਟ ਦੇ ਸਮੂਹ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੁਕਤਾ ਮਹਿੰਮ ਚਲਾਈ ਜਾਵੇਗੀ:

ਪਠਾਨਕੋਟ
ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਲਾਕ ਪਠਾਨਕੋਟ ਵਿੱਚ ਕੀਤੇ ਜਾ ਰਹੇ ਖੇਤੀ ਪਸਾਰ ਕਾਰਜਾਂ ਦੀ ਸਮੀਖਿਆ ਲਈ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਮਹੀਨਾਵਾਰ ਮੀਟਿੰਗ ਹੋਈ । ਮੀਟਿੰਗ ਦੀ ਪ੍ਰਧਾਨਗੀ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ। ਮੀਟਿੰਗ ਵਿੱਚ ਡਾ ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਸ਼੍ਰੀ ਗੁਰਦਿੱਤ ਸਿੰਘ, ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ, ਅੰਸ਼ੁਮਨ ਕੁਮਾਰ, ਨਿਰਪਜੀਤ ਸਿੰਘ, ਸਾਕਸ਼ੀ, ਸੁਦੇਸ਼ ਕੁਮਾਰ ਖੇਤੀਬਾੜੀ ਉਪ ਨਿਰੀਖਕ, ਸਾਹਿਲ ਕੁਮਾਰ ਅਰਮਾਨ ਸਹਾਇਕ ਤਕਨਾਲੋਜੀ ਪ੍ਰਬੰਧਕ ਹਾਜ਼ਰ ਸਨ।
           ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਮੌਸਮ ਝੋਨੇ ਅਤੇ ਬਾਸਮਤੀ ਦੀ ਫਸਲ ਦੇ ਅਨਕੂਲ ਰਹਿਣ ਕਾਰਨ ਝੋਨੇ ਅਤੇ ਬਾਸਮਤੀ ਦੀ ਫਸਲ ਉੱਪਰ ਫਿਲਹਾਲ ਕਿਸੇ ਕਿਸਮ ਦੇ ਕੀੜੇ ਜਾਂ ਬਿਮਾਰੀ ਨੇ ਹਮਲਾ ਨਹੀਂ ਕੀਤਾ। ਉਨਾਂ ਕਿਹਾ ਕਿ ਇਸ ਵਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਪਸਾਰ ਗਤੀਵਿਧੀਆਂ ਦੇ ਨਤੀਜੇ ਵੱਜੋਂ ਪਿਛਲੇ ਸਾਲ ਦੇ ਮੁਕਾਬਲੇ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਖਪਤ ਘਟੀ ਹੈ। ਉਨਾਂ ਕਿਹਾ ਕਿ ਬਲਾਕ ਪਠਾਨਕੋਟ ਸਮੇਤ( ਘਰੋਟਾ ਅਤੇ ਸੁਜਾਨਪੁਰ ਦੇ ਕੁਝ ਪਿੰਡ) ਵਿੱਚ ਚਾਲੂ ਸਾਉਣੀ ਦੇ ਸੀਜਨ ਦੌਰਾਨ ਤਕਰੀਬਨ 3000 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਕਾਸਤ ਕੀਤੀ ਗਈ ਹੈ। ਉਨਾਂ ਕਿਹਾ ਕਿ ਮੱਕੀ ਦੀ ਗਹਾਈ ਲਈ ਨਵੀਨਤਮ ਮਸ਼ੀਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜੋ ਪਰਦਿਆਂ ਸਮੇਤ ਛੱਲੀਆਂ ਵਿੱਚੋਂ ਦਾਣੇ ਵੱਖ ਕਰ ਦਵੇਗੀ ਤਾਂ ਜੋ ਕਿਸਾਨਾਂ ਨੂੰ ਮੱਕੀ ਦੀ ਗਹਾਈ ਸਮੇਂ ਆਉਂਦੀਆ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਰਸਾਇਣਕ ਮੁਕਤ ਬਾਸਮਤੀ ਪੈਦਾ ਕਰਨ ਲਈ ਅਤੇ ਮੱਕੀ ਦੀ ਕਾਸਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕਿਸਾਨ ਜਾਗਰੁਕਤਾ ਕੈਂਪ ਪਿੰਡ ਚੌਹਾਨਾਂ ਵਿੱਚ ਐਫ ਐਮ ਸੀ ਕੰਪਨੀ ਦੇ ਸਹਿਯੋਗ ਨਾਲ ਮਿਤੀ 10 ਸਤੰਬਰ 2019 ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਅਗਾਂਹਵਧੂ ਕਿਸਾਨ ਮਦਨ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਖੇਤਾਂ  ਵਿੱਚ ਲਗਾਇਆ ਜਾਵੇਗਾ। ਉਨਾਂ ਕਿਹਾ ਕਿ ਪਿਛਲੇ ਸਾਲ ਬਲਾਕ ਪਠਾਨਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦਾ ਇੱਕ ਵੀ ਵਾਕਿਆ ਸਾਹਮਣੇ ਨਹੀਂ ਸੀ ਆਇਆ, ਜਿਸ ਕਾਰਨ ਬਲਾਕ ਪਠਾਨਕੋਟ ਪੰਜਾਬ ਦਾ ਪਹਿਲਾ ਪ੍ਰਦੂਸ਼ਣ ਰਹਿਤ ਬਲਾਕ ਬਣਿਆਂ ਸੀ। ਉਨਾਂ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਣ ਤੋਂ ਬਗੈਰ ਕਣਕ ਦੀ ਬਿਜਾਈ ਕਰਨ ਲਈ ਵਿਸ਼ੇਸ਼ ਜਾਗਰੁਕਤਾ ਮੁੰਿਹਮ ਚਲਾਈ ਜਾਵੇਗੀ। ਜਿਸ ਤਹਿਤ ਸਕੂਲਾਂ ਕਾਲਜਾਂ ਵਿੱਚ ਬੱਚਿਆਂ ਦੇ ਭਾਸ਼ਣ, ਪੇਂਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਜਾਣਗੇ। ਉਨਾਂ ਕਿਹਾ ਕਿ 5-10 ਪਿੰਡਾਂ ਦੇ ਸਮੂਹ ਬਣਾ ਕੇ ਕਿਸਾਨ ਜਾਗਰੁਕਤਾ ਕੈਂਪ ਵੀ ਲਗਾਏ ਜਾਣਗੇ ਤਾਂ ਜੋ ਬਲਾਕ ਪਠਾਨਕੋਟ ਨੂੰ ਦੁਬਾਰਾ ਧੂੰਆਂ ਰਹਿਤ ਬਲਾਕ ਬਣਾਇਆ ਜਾ ਸਕੇ। ਉਨਾਂ ਸਮੂਹ ਅਧਿਕਾਰੀਆਂ /ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਝੋਨੇ ਦੀ ਕਟਾਈ ਪੂਰੀ ਤਰਾਂ ਪੱਕਣ ਉਪਰੰਤ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਮੰਡੀਕਰਣ ਸਮੇਂ ਕਿਸਾਨਾਂ ਅਤੇ ਖ੍ਰੀਦ ਏਜੰਸੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾਂ ਕਰਨਾ ਪਵੇ। ਉਨਾਂ ਦੱਸਿਆਂ ਕਿ ਮਹੀਨਾ ਅਗਸਤ ਦੌਰਾਨ ਕਿਸਾਨਾਂ ਨੂੰ ਨਵੀਨਤਮ ਤਕਨੀਕਾਂ ਅਤੇ ਰਸਾਇਣ ਮੁਕਤ ਬਾਸਮਤੀ ਪੈਦਾ ਕਰਨ ਲਈ ਪਿੰਡ ਪੱਧਰ ਤੇ 11 ਕਿਸਾਨ ਜਾਗਰੁਕਤਾ ਕੈਂਪ ਲਗਾਏ ਗਏ ਹਨ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਤਿੰਨ ਕੀਟਨਾਸ਼ਕਾਂ ਅਤੇ ਦੋ ਖਾਦਾਂ ਦੇ ਨਮੂਨੇ ਭਰ ਕੇ ਪ੍ਰਯੋਗਸ਼ਾਲਾਂ ਵਿੱਚ ਭੇਜੇ ਗਏ ਹਨ। ਉਨਾਂ ਕਿਹਾ ਕਿ ਆਮ ਕਰਕੇ ਕਿਸਾਨ ਝੋਨੇ ਦੀ ਫਸਲ ਦੇ ਨਿਸਰਣ ਤੋਂ ਬਾਅਦ ਛਿੜਕਾਅ ਕਰਦੇ ਹਨ, ਜੋ ਗਲਤ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਫਸਲ ਦੇ ਨਿਸਰਣ ਤੋਂ ਬਾਅਦ ਕਿਸੇ ਤਰਾਂ ਦਾ ਛਿੜਕਾਅ ਨਾਂ ਕੀਤਾ ਜਾਵੇ ਕਿਉਂਕਿ ਨਿਸਰਣ ਤੋਂ ਬਾਅਦ ਛਿੜਕਾਅ ਕਰਨ ਨਾਲ ਦਾਣੇ ਬਨਣ ਦੀ ਪ੍ਰਭਾਵਤ ਹੁੰਦੀ ਹੈ ਅਤੇ ਦਾਣੇ ਥੋਥੇ ਰਹਿ ਜਾਂਦੇ ਹਨ।
© 2016 News Track Live - ALL RIGHTS RESERVED