ਬਲਾਕ ਘਰੋਟਾ ਦੇ ਪਿੰਡ ਚੌਹਾਨਾਂ ਵਿੱਚ ਮੱਕੀ ਖੇਤ ਦਿਵਸ ਮਨਾਇਆ ਗਿਆ

Sep 11 2019 06:12 PM
ਬਲਾਕ ਘਰੋਟਾ ਦੇ ਪਿੰਡ ਚੌਹਾਨਾਂ ਵਿੱਚ ਮੱਕੀ ਖੇਤ ਦਿਵਸ ਮਨਾਇਆ ਗਿਆ

ਠਾਨਕੋਟ

 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਰਸਾਇਣ ਮੁਕਤ ਬਾਸਮਤੀ ਪੈਦਾ ਕਰਨ ਅਤੇ ਮੱਕੀ ਦੀ ਫਸਲ ਦੇ ਕਾਸਤਕਾਰੀ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਲਈ ਬਲਾਕ ਘਰੋਟਾ ਦੇ ਪਿੰਡ ਚੌਹਾਨਾਂ ਵਿੱਚ ਮੱਕੀ ਖੇਤ ਦਿਵਸ ਮਨਾਇਆ ਗਿਆ,ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਜੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਫਾਰਮ ਮਸ਼ੀਨਰੀ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਲਗਾਏ ਜਾਗਰੁਕਤਾ ਕੈਂਪ ਦੀ ਪ੍ਰਧਾਨਗੀ ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਸੈਣੀ ਨੇ ਕੀਤੀ । ਖੇਤ ਦਿਵਸ ਦਾ ਮੁੱਖ ਉਦੇਸ਼ “ਚੰਗੀ ਸਿਹਤ ਚੰਗੀ ਸੋਚ” ਅਤੇ ਰਸਾਇਣ ਮੁਕਤ ਸੁਰੱਖਿਅਤ ਖੇਤੀ ਸੀ। ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ ਦੇ ਪ੍ਰਬੰਧਾਂ ਹੇਠ ਮਨਾਏ ਗਏ ਖੇਤ ਦਿਵਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ. ਹਰਿੰਦਰ ਸਿੰਘ ਬੈਂਸ, ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ, ਹਰਦੀਪ ਸਿੰਘ ਏਰੀਆ ਪ੍ਰਬੰਧਕ ਐਫ ਐਮ ਸੀ, ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ,ਡਾ. ਅਰਜੁਨ ਸਿੰਘ,ਮਾਸਟਰ ਗਿਆਨ ਸਿੰਘ, ਬਲਵਾਨ ਸਿੰਘ, ਕਿਰਨ ਬਾਲਾ,ਸੁਰੈਣ ਸਿੰਘ,ਗੌਰਵ ਕੁਮਾਰ ਝਲੋਆ, ਬਲਾਕ ਪਠਾਨਕੋਟ, ਨਰੋਟ ਜੈਮਲ ਸਿੰਘ ਅਤੇ ਬਮਿਆਲ ਦਾ  ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
       ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਜੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਉਣੀ 2019  ਜ਼ਿਲਾ ਪਠਾਨਕੋਟ ਅੰਦਰ ਮੱਕੀ ਵਿਕਾਸ ਪ੍ਰੋਗਰਾਮ ਤਹਿਤ ਚਾਲੂ ਸਾਉਣੀ ਦੌਰਾਨ 10700 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਕਾਸ਼ਤ ਕੀਤੀ ਗਈ ਹੈ ਜਦ ਕਿ ਪਿਛਲੇ ਸਾਲ 7800 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਕਾਸਤ ਕੀਤੀ ਗਈ ਸੀ  । ਉਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਮੱਕੀ ਦਾ ਘੱਟੋ ਘੱਟ ਖ੍ਰੀਦ ਮੁੱਲ 1760/- ਨਿਸ਼ਚਤ ਕੀਤਾ ਗਿਆ ਹੈ ਜਦ ਕਿ ਇਸ ਵਕਤ ਮੰਡੀ ਵਿੱਚ 2000 ਤੋਂ 2100/- ਤੱਕ ਖ੍ਰੀਦ ਮੁੱਲ ਚੱਲ ਰਿਹਾ ਹੈ।ਉਨਾਂ ਕਿਹਾ ਕਿ ਮੱਕੀ ਅਜਿਹੀ ਫਸਲ ਹੈ ਜਿਸ ਨੂੰ ਪਾਣੀ ਦੀ ਵੀ ਘੱਟ ਜ਼ਰੂਰਤ ਪੈਂਦੀ ਹੈ ਅਤੇ ਬਾਜ਼ਾਰ ਵਿੱਚ ਮੰਗ ਵੀ ਬਹੁਤ ਹੈ। ਉਨਾਂ ਕਿਹਾ ਕਿ ਝੋਨੇ ਦੀ ਕਾਸਤ ਉਨਾਂ ਖੇਤਰਾਂ ਵਿੱਚ ਹੀ ਕੀਤੀ ਜਾਣੀ ਚਾਹੀਦੀ ਹੈ ਜਿਥੇ ਪਾਣੀ ਦੀ ਬਹੁਤਾਤ ਅਤੇ ਜ਼ਮੀਨਾਂ ਭਾਰੀਆਂ ਹਨ। ਉਨਾਂ ਕਿਹਾ ਕਿ ਜ਼ਿਲਾ ਪਠਾਨਕੋਟ ਵਿੱਚ ਬਹੁਤ ਸਾਰਾ ਰਕਬਾ ਅਜਿਹਾ ਹੈ ਜਿਥੇ ਜ਼ਮੀਨ ਰੇਤਲੀ ਕਣ ਵਾਲੀ ਅਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੀ ਬਹੁਤ ਨੀਵਾਂ ਹੈ ਅਜਿਹੇ ਖੇਤਰਾਂ ਵਿੱਚ ਮੱਕੀ ਦੀ ਕਾਸਤ ਬਹੁਤ ਹੀ ਸਫਲਤਾ ਪੂਰਵਕ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਖੇਤੀ ਮਾਹਿਰਾਂ ਵੱਲੋਂ ਕੀਤੀ ਖੋਜ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਮੱਕੀ-ਕਣਕ-ਗਰਮੀ ਰੁੱਤ ਦੀ ਮੂੰਗੀ/ਮਾਂਹ ਫਸਲੀ ਚੱਕਰ ਤੋਂ 105741/- ਰੁਪਏ ਹੈ ਜਦ ਕਿ ਝੋਨਾ- ਕਣਕ ਫਸਲੀ ਤੋਂ ਸ਼ੁੱਧ ਲਾਭ 73132/- ਰੁਪਏ ਹੈ।ਉਨਾਂ ਕਿਹਾ ਕਿ ਮੱਕੀ-ਕਣਕ-ਗਰਮੀ ਰੁੱਤ ਦੀ ਮੂੰਗੀ/ਮਾਂਹ-ਕਣਕ ਫਸਲੀ ਚੱਕਰ ਤੋਂ ਵਧੇਰੇ ਫਾਇਦਾ ਲਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਮੱਕੀ ਦੀ ਮੰਗ ਦਿਨੋਂ ਦਿਨ ਵਿਸ਼ਵ ਪੱਧਰ ਤੇ ਵਧ ਰਹੀ ਹੈ। ਉਨਾਂ ਕਿਹਾ ਕਿ ਭਾਰਤ ਵਿੱਚ ਅਨਾਜ ਵਾਲੀਆਂ ਫਸਲਾਂ ਵਿੱਚ ਮੱਕੀ ਦਾ ਤੀਜਾ ਨੰਬਰ ਆਉਂਦਾ ਹੈ ਅਤੇ ਮੱਕੀ 22 ਫੀਸਦੀ ਭੋਜਨ,51 ਫੀਸਦੀ ਫੀਡ ਅਤੇ ਪੋਲਟਰੀ ਖੇਤਰ ਵਿੱਚ,11 ਫੀਸਦੀ ਉਦਯੋਗ ਵਿੱਚ ਕੱਚੇ ਮਾਲ ਵੱਜੋਂ ਅਤੇ 16 ਫੀਸਦੀ ਸਟਾਰਚ ਇੰਡਸਟਰੀ ਵਿੱਚ ਵਰਤੀ ਜਾਂਦੀ ਹੈ। ਉਨਾਂ ਕਿਹਾ ਕਿ ਮੱਕੀ ਦੇ ਉਤਪਾਦਾਂ ਦੀ ਵਰਤੋਂ ਹਰੇਕ ਤਰਾਂ ਦੇ ਉਦਯੋਗ ਦੇ ਖੇਤਰ ਜਿਵੇਂ ਕੱਪੜਾ,ਦਵਾਈਆ,ਹਾਰ ਸ਼ਿੰਗਾਰ,ਸ਼ਰਾਬ,ਤੇਲ,ਪ੍ਰੋਟੀਨ ਆਦਿ ਵਿੱਚ ਕੀਤੀ ਜਾਦੀ ਹੈ। ਉਨਾਂ ਕਿਹਾ ਕਿ ਪਸ਼ੂ ਪਾਲਣ ਵਿੱਚ ਮੱਕੀ ਚਾਰਾ ਸਭ ਤੋਂ ਵੱਧ ਪੌਸ਼ਟਿਕ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਮੱਕੀ ਦਾ ਵਧੇਰੇ ਹਿੱਸਾ ਵਿਸ਼ਵ ਵਿੱਚ ਇਥਾਨੋਲ ਕੱਢਣ ਲਈ ਵਰਤਿਆ ਜਾਣ ਲੱਗ ਪਿਆ, ਜਿਸ ਕਾਰਨ ਮੱਕੀ ਦੀ ਮੰਗ ਵਿਸ਼ਵ ਪੱਧਰ ਤੇ ਵਧ ਰਹੀ ਹੈ। ਉਨਾਂ ਕਿਹਾ ਕਿ ਭੋਜਨ ਉਦਯੋਗ ਵਿੱਚ ਮੱਕੀ ਦੀ ਵਰਤੋਂ  ਭੁੰਨਿਆ ਹੋਇਆ ਦਲੀਆ,ਸਵੀਟ ਕਾਰਨ, ਬੇਬੀ ਕਾਰਨ, ਕਾਰਨ ਫਲੈਕਸ, ਪਕੌੜੇ,ਪੌਪ ,ਕਾਰਨ,ਬਿਸਕੁਟ,ਕੁਰਕੁਰੇ,ਚਿਪਸ,ਪਾਸਤਾ ਵੱਜੋਂ ਕੀਤੀ ਜਾਣ ਲੱਗ ਪਈ ਹੈ।ਉਨਾਂ ਦੱਸਿਆ ਕਿ ਇਸ ਵਾਰ ਜ਼ਿਲਾ ਪਠਾਨਕੋਟ ਵਿੱਚ ਮੱਕੀ ਦੇ ਮੰਡੀਕਰਨ ਪੱਕੀ ਮੰਡੀ ਦੀ ਸਥਾਪਨਾ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਿਸਾਨਾਂ ਦੀਆਂ ਖੇਤੀ ਨਾਲ ਸੰਬੰਧਤ ਸਮੱਸਿਆਵਾਂ ਅਤੇ ਸਕੀਮਾਂ ਪ੍ਰਤੀ ਜਾਗਰੁਕ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ  ਦੀ ਸਮੁੱਚੀ ਟੀਮ ਖਾਸ ਕਰਕੇ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਵੱਖ ਵੱਖ ਪੱਧਰ ਤੇ ਕਿਸਾਨ ਸਿਖਲਾਈ ਕੈਂਪ ਲਗਾ ਕੇ ਕਿਸਾਨ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ,ਜਿਸ ਦੇ ਸਿੱਟੇ ਵੱਜੋਂ ਇਸ ਵਾਰ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਦੀ ਖਪਤ ਵੱਡੀ ਪੱਧਰ ਘੱਟ ਕਰਨ ਵਿੱਚ ਮਦਦ ਮਿਲੀ ਹੈ।
           ਡਾ. ਹਰਤਰਨਪਾਲ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆ ਦਾ ਟਾਕਰਾ ਕਰਨ ਲਈ ਕਿਸਾਨਾਂ ਨੂੰ ਫਸਲਾਂ ਦੀ ਪੈਦਾਵਾਰ ਤੇ ਹੁੰਦੇ ਖਰਚੇ ਦਾ ਹਿਸਾਬ ਕਿਤਾਬ ਰੱਖਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿੰਨਾ ਖਰਚਾ ਅਤੇ ਕਿੰਨਾਂ ਲਾਭ ਹੋਇਆ ਹੈ।ਉਨਾਂ ਕਿਹਾ ਕਿ ਹਰੇਕ ਕਿਸਾਨ ਨੂੰ ਘਰੇਲੂ ਜ਼ਰੂਰਤਾਂ ਦੀ ਪੂਰਤੀ ਲਈ ਆਪਣੇ ਖੇਤਾਂ ਵਿੱਚ ਕੁਦਰਤੀ ਤਰੀਕੇ ਅਪਨਾਉਂਦਿਆਂ ਸਬਜੀਆਂ,ਫਸਲ ਅਤੇ ਅਨਾਜ ਪੈਦਾ ਕਰਨੇ ਚਾਹੀਦੇ ਹਨ ,ਜਿਸ ਨਾਲ ਤਕਰੀਬਨ 30-35 ਹਜ਼ਾਰ ਰੁਪਏ ਪ੍ਰਤੀ ਸਾਲ ਬੱਚਤ ਕਤੀ ਜਾ ਸਕਦੀ ਹੈ।ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਜੀ ਵੱਲੋਂ ਝੋਨੇ ਦੀ ਪਰਾਲੀ ਅਤੇ ਕਣਕ ਦਾ ਨਾੜ ਨਾਂ ਸਾੜਣ ਵਾਲੇ 13 ਕਿਸਾਨਾਂ ਸਰਵਸ਼੍ਰੀ ਸੰਪੂਰਨ ਸਿੰਘ,ਮਦਨ ਸਿੰਘ,ਰਾਜੇਸ਼ ਸਿੰਘ,ਸਰੂਪ ਸਿੰਘ,ਅਜੇ ਸਿੰਘ,ਬਲਵਾਨ ਸਿੰਘ,ਸੋਹਨ ਲਾਲ,ਸਤਵਿੰਦਰ ਸਿੰਘ,ਪੂਰਨ ਚੰਦ,ਨਵਦੀਪ ਸਿੰਘ ਚੌਹਾਨ,ਰਾਮੇਸ਼ ਕਮਾਰ ਗੁੱਲਪੁਰ,ਸੰਸਾਰ ਸਿੰਘ ਢਾਕੀ ਸੈਦਾਂ,ਸ਼ਿਵ ਦਾਸ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ.ਪ੍ਰਿਤਪਾਲ ਸਿੰਘ ਨੇ ਰਸਾਇਣ ਮੁਕਤ ਬਾਸਮਤੀ ਪੈਦਾ ਕਰਨ,ਡਾ. ਮਨਦੀਪ ਕੌਰ ਨੇ ਭੌਂ ਸਿਹਤ ਕਾਰਡ ਸਕੀਮ ਬਾਰੇ, ਡਾ. ਸੀਮਾ ਸ਼ਰਮਾ ਨੇ ਜ਼ਮੀਨ ਦੀ ਸੁਧਾਰ ਕਰਨ ਬਾਰੇ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤੀ ਮਾਹਿਰ ਡਾ ਸੁਨੀਲ ਕਸ਼ੱਅਪ ਨੇ ਕੀੜੇ ਮਕੌੜਿਆਂ ਅਤੇ ਬਿਮਾਰੀਆਂ, ਡਾ. ਸੀਮਾ ਸ਼ਰਮਾ ਨੇ ਮਿੱਟੀ ਸਿਹਤ ਸੁਧਾਰ ਦੀਆ ਤਕਨੀਕਾਂ, ਡਾ. ਸੁਰਿੰਦਰ ਸਿੰਘ ਨੇ ਪਸ਼ੂ ਪਾਲਣ ਅਤੇ ਡਾ. ਵਿਕਰਾਂਤ ਧਵਨ ਡਿਪਟੀ ਪੀ ਡੀ ਨੇ ਏਕੀਕ੍ਰਿਤ ਖੇਤੀ ਪ੍ਰਣਾਲੀ  ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਕਿਸਾਨ ਮਦਨ ਸਿੰਘ ਨੇ ਮੱਕੀ ਦੀ ਕਾਸਤ ਦੇ ਤਜ਼ਰਬੇ ਸਾਂਝੇ ਕੀਤੇ। ਡਾ. ਅਮਰੀਕ ਸਿੰਘ ਨੇ ਸਟੇਜ ਸਕੱਤਰ ਦੇ ਫਰਜ਼ ਬਾਖੂਬੀ ਨਿਭਾਉਣ ਦੇ ਨਾਲ ਨਾਲ ਮੱਕੀ ਦੀ ਕਾਸ਼ਤ ਕਰਨ ਦੇ ਤਕਨੀਕੀ ਨੁਕਤੇ ਸਾਂਝੇ ਕੀਤੇ ਅਤੇ ਡਾ. ਹਰਿੰਦਰ ਸਿੰਘ ਬੈਂਸ ਨੇ ਆਏ ਕਿਸਾਨਾਂ ਅਤੇ ਮੁੱਖ ਮਹਿਮਾਨ ਜੀ ਦਾ ਧੰਨਵਾਦ ਕੀਤਾ।

© 2016 News Track Live - ALL RIGHTS RESERVED