ਪਿਛਲੇ ਦਸ ਸਾਲ ਤੋਂ ਕਣਕ ਅਤੇ ਝੋਨੇ ਦੀ ਪਰਾਲੀ ਖੇਤ ਵਿੱਚ ਸੰਭਾਲ ਕੇ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕੀਤਾ

Sep 18 2019 12:58 PM
ਪਿਛਲੇ ਦਸ ਸਾਲ ਤੋਂ ਕਣਕ ਅਤੇ ਝੋਨੇ ਦੀ ਪਰਾਲੀ ਖੇਤ ਵਿੱਚ ਸੰਭਾਲ ਕੇ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕੀਤਾ

ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੀ ਪਰਾਲੀ ਖੇਤ ਵਿੱਚ ਸੰਭਾਲ ਕੇ ਜਮੀਨ ਦੀ ਸਿਹਤ ਵਿੱਚ ਸੁਧਾਰ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਵੱਲੋਂ ਜ਼ਿਲੇ ਅੰਦਰ ਪਿੰਡ ਪੱਧਰੀ, ਬਲਾਕ ਪੱਧਰੀ ਅਤੇ ਜ਼ਿਲਾ ਪੱਧਰੀ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪਿਛਲੇ ਦਿਨੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਠਾਨਕੋਟ ਵੱਲੋਂ ਪਿੰਡ ਚੌਹਾਨਾਂ ਵਿੱਚ ਲਗਾਏ ਮੱਕੀ ਦੇ ਖੇਤ ਦਿਵਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ 13 ਅਜਿਹੇ ਕਿਸਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਜੋ ਲੰਬੇ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਜਲਾਏ ਬਗੈਰ ਕਣਕ, ਝੋਨਾ ਅਤੇ ਮੱਕੀ ਦੀ ਕਾਸ਼ਤ ਕਰ ਰਹੇ ਹਨ। ਅਜਿਹਾ ਹੀ ਜ਼ਿਲਾ ਪਠਾਨਕੋਟ ਦੇ ਪਿੰਡ ਗੁੱਲਪੁਰ ਦੇ ਕਿਸਾਨ ਰਾਮੇਸ਼ ਕੁਮਾਰ ਪਿਛਲੇ ਦਸ ਸਾਲ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਗਾਏ ਬਗੈਰ ਕਣਕ, ਝੋਨਾ, ਕਮਾਦ, ਸਬਜੀਆ ਅਤੇ ਮੱਕੀ ਦੀ ਕਾਸ਼ਤ ਕਰਕੇ ਇਲਾਕੇ ਦੇ ਕਿਸਾਨਾਂ ਲਈ  ਪ੍ਰੇਰਣਾਸਰੋਤ ਦਾ ਕੰਮ ਕਰ ਰਿਹਾ ਹੈ।
  ਕਿਸਾਨ ਰਾਮੇਸ਼ ਕੁਮਾਰ ਦੀ ਕੁੱਲ ਮਾਲਕੀ ਸਾਢੇ 10 ਏਕੜ ਹੈ। ਰਾਮੇਸ਼ ਸ਼ਰਮਾ ਨੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਤੋਂ ਬਗੈਰ ਫਸਲਾਂ ਦੀ ਕਾਸ਼ਤ ਕਰਨ ਦੇ ਨਾਲ-ਨਾਲ ਪਿੰਡ ਵਿੱਚ ਬਾਕੀ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਅਪਨਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਰਾਮੇਸ਼ ਕੁਮਾਰ ਨੇ ਖੇਤੀ ਵਿਭਿੰਨਤਾ ਨੂੰ ਅਪਨਾਉਂਦਿਆਂ ਆਪਣੇ ਫਾਰਮ ਤੇ ਸਾਉਣੀ ਸੀਜ਼ਨ ਦੌਰਾਨ 8 ਏਕੜ ਰਕੇ ਵਿੱਚ ਝੋਨਾ, ਮੱਕੀ ਇੱਕ ਏਕੜ, ਚਾਰਾ 6 ਕਨਾਲਾਂ, ਘਰੇਲੂ ਬਗੀਚੀ ਅੱਠ ਮਰਲੇ, ਸੁਗੰਧਤ ਫਸਲਾਂ 6 ਮਰਲੇ ਰਕਬੇ ਵਿੱਚ ਕਾਸ਼ਤ ਕਰਦਾ ਹੈ ਤਾਂ ਜੋ ਜ਼ਮੀਨ ਦੀ ਸਿਹਤ ਬਰਕਰਾਰ ਰੱਖੀ ਜਾ ਸਕੇ। ਇਸੇ ਤਰਾਂ ਹਾੜੀ ਦੌਰਾਨ 8 ਏਕੜ ਰਕਬੇ ਵਿੱਚ ਕਣਕ, ਇੱਕ ਏਕੜ ਵਿੱਚ ਸਰਸੋਂ , 2 ਕਨਾਲ ਵਿੱਚ ਛੋਲੇ, 2 ਕਨਾਲਾਂ ਵਿੱਚ ਅਲਸੀ ਅਤੇ ਤਾਰਾਮੀਰਾ ਅਤੇ 4 ਕਨਾਲ ਵਿੱਚ ਬਰਸੀੰ ਦੀ ਕਾਸ਼ਤ ਕਰਦਾ ਹੈ। ਉਨਾਂ ਦੱਸਿਆ ਕਿ ਖਰੇਲੂ ਵਰਤੋਂ ਲਈ ਸਬਜੀਆਂ,ਫਸਲ,ਦਾਲਾਂ ਅਤੇ ਤੇਲ ਕਦੇ ਵੀ ਬਾਜ਼ਾਰ ਵਿੱਚੋਂ  ਖਰੀਦ ਨਹੀਂ ਕੀਤੀ। ਉਨਾਂ ਦਾ ਕਹਿਣਾਂ ਹੈ ਕਿ ਝੋਨੇ ਦੀ ਫਸਲ ਨੂੰ ਕਦੇ ਵੀ ਡਾਇਆ ਖਾਦ ਨਹੀਂ ਪਾਈ ਯੂਰੀਆ ਦੀ ਵਰਤੋਂ ਖੇਤੀਬਾੜੀ ਅਤੇ ਕਿਸਾਨ ਵਿਭਾਗ ਵੱਲੋਂ ਕੀਤੀਆਂ ਸਿਫਾਰਸਾਂ ਅਨੁਸਾਰ ਹੀ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਸਿਫਾਰਸ਼ਾਂ ਅਨੁਸਾਰ ਖਾਦਾ ਦੀ ਵਰਤੋਂ ਨਾਲ ਫਸਲਾਂ ਉੱਪਰ ਕੀੜਿਆਂ ਅਤੇ ਬਿਮਾਰੀਆ ਹਮਲਾ ਵੀ ਨਹੀਂ ਹੁੰਦਾ ਅਤੇ ਕੀਟਨਾਸ਼ਕਾਂ ਉੱਪਰ ਹੋਣ ਵਾਲਾ ਖਰਚਾ ਬਚ ਜਾਦਾ ਹੈ। ਰਾਮੇਸ਼ ਸ਼ਰਮਾ ਦਾ ਕਹਿਣਾ ਹੈ ਕਿ ਕਣਕ ਦੀ ਕਟਾਈ ਤੋਂ ਬਾਅਦ ਰੀਪਰ ਨਾਲ ਤੂੜੀ ਬਨਾਉਣ ਉਪਰੰਤ 4-5 ਦਿਨਾਂ ਬਾਅਦ ਨਾੜ ਦੇ ਪੂਰੀ ਤਰਾਂ ਤੋਂ ਬਾਅਦ ਸੁਹਾਗੇ ਦੀ ਦੋਹਰ ਪਾ ਕੇ ਕਣਕ ਦੇ ਨਾੜ ਨੂੰ ਖੇਤ ਵਿੱਚ ਖਲਾਰ ਦਿੱਤਾ ਜਾਂਦਾ ਹੈ। ਹੱਲਾਂ ਨਾਲ ਖੇਤ ਵਾਹ ਕੇ ਪਾਣੀ ਲਗਾ ਕੇ 15-20 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦਾ ਸ਼ੱਟਾ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਕਣਕ ਦਾ ਨਾੜ ਖੇਤ ਵਿੱਚ ਗਲ ਜਾਂਦਾ ਹੈ।ਇਸ ਤਰਾਂ ਕਣਕ ਦੇ ਨਾੜ ਨੂਂੰ ਖੇਤਾਂ ਵਿੱਚ ਸੰਭਾਲਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ।ਇਸ ਤਰਾਂ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਣ ਨਾਲ ਝੋਨੇ ਦੀ ਫਸਲ ਦਾ ਝਾੜ ਵੀ ਵਧੇਰੇ ਨਿਕਲਦਾ ਹੈ।ਉਨਾਂ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਬਹੁਤੀ ਪਰਾਲੀ ਪਸ਼ੂ ਪਾਲਕਾਂ ਵੱਲੋਂ ਇਕੱਠੀ ਕਰ ਲਈ ਜਾਂਦੀ ਹੈ ,ਜੋ ਬਰਸਾਤ ਦੇ ਮੌਸਮ ਦੌਰਾਨ ਚਾਰੇ ਦੇ ਤੌਰ ਤੇ ਵਰਤਦੇ ਹਨ ।ਇਸ ਤਰਾਂ ਝੋਨੇ ਦੀ ਪਰਾਲੀ ਤੋਂ ਤਕਰੀਬਨ 30000/- ਰੁਪਏ ਮਿਲ ਜਾਂਦੇ ਹਨ ਜੋ ਕਣਕ ਦੀ ਬਿਜਾਈ ਲਈ ਖੇਤੀ ਸਮੱਗਰੀ ਖ੍ਰੀਦਣ ਦੇ ਕੰੰਮ ਆ ਜਾਂਦੇ ਹਨ। ਉਨਾ ਦੱਸਿਆ ਕਿ ਹੁਣ ਪਿੰਡ ਗੁੱਲਪੁਰ ਵਿੱਚ ਕਿਸੇ ਵੀ ਕਿਸਾਨ ਵੱਲੋ ਝੋਨੇ ਦੀ ਪਾਰਲ਼ੀ ਨੂੰ ਅੱਗ ਨਹੀਂ ਲਗਾਈ ਜਾਂਦੀ। ਉਨਾਂ ਦੱਸਿਆ ਕਿ ਅਜਿਹਾ ਕਰਨ ਨਾਲ ਝੋਨੇ ਦੀ ਪਰਾਲੀ ਖੇਤ ਵਿੱਚ ਗਲ ਜਾਂਦੀ ਹੈ ਅਤੇ ਟਿਲਰਾਂ ਨਾਲ ਦੋਹਰ ਪਾ ਕੇ ਕਣਕ ਦੀ ਬਿਜਾਈ ਬੀਜ ਡਰਿੱਲ ਨਾਲ ਕਰ ਦਿੱਤੀ ਜਾਂਦੀ ਹੈ। ਰਾਮੇਸ਼ ਸ਼ਰਮਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾਂ ਲਗਾਈ ਜਾਵੇ ਕਿਉਂਕਿ ਝੋਨੇ ਅਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹਵਾ ਦਾ ਪ੍ਰਦੂਸ਼ਣ ਵਧ ਜਾਂਦਾ ਹੈ ਅਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ,ਇਸ ਨੂੰ ਰੋਕਣ ਦੀ ਜ਼ਰੁਰਤ ਹੈ।ਉਨਾਂ ਦੱਸਿਆ ਕਿ ਪਰਾਲੀ ਅਤੇ ਨਾੜ ਸਾੜਨ ਕਾਰਨ ਪੈਦਾ ਹੁੰਦੇ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਂਦੀ ਹੈ, ਜਿਸ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਨਾੜ ਦੇ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਸਾਹ ਲੈਣ ‘ਚ ਤਕਲੀਫ, ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜੀ, ਸਾਹ ਨਾਲੀ ਦਾ ਕੈਂਸਰ, ਗਲੇ ਦੀ ਖਰਾਬੀ, ਹਲਕਾ ਬੁਖਾਰ, ਸਿਰ ਦਰਦ, ਟਾਈਫਾਈਡ, ਫੇਫੜਿਆਂ ‘ਚ ਨੁਕਸ, ਅੱਖਾਂ ਚ ਜਲਣ, ਚਮੜੀ ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ। ਉਨਾਂ  ਨੇ ਦੱਸਿਆ ਕਿ ਬਲਾਕ ਖੇਤੀਬਾੜੀ ਅਫਸਰ ਅਤੇ ਸਮੁੱਚੀ ਟੀਮ ਵਲੋਂ ਚਲਾਈ ਜਾਗਰੂਕਤਾ ਮੁਹਿੰਮ ਸਦਕਾ ਜਾਗਰੁਕਤਾ ਬਹੁਤ ਵਧੀ ਹੈ। ਉਸਦੇ ਅਨੁਸਾਰ ਪਿਛਲੇ ਸਾਲ ਉਸਨੇ ਬੀਜ ਡਰਿੱਲ ਨਾਲ ਬੀਜੀ ਕਣਕ ਦੇ ਫਾਇਦਿਆਂ ਬਾਰੇ ਦੱਸਿਆ ਕਿ ਡਰਿੱਲ  ਨਾਲ ਕਣਕ ਦੀ ਬਿਜਾਈ ਕਰਨ ਨਾਲ ਖੇਤੀ ਲਾਗਤ ਖਰਚੇ ਕਰਨ ਵਿਚ ਮਦਦ ਮਿਲੀ ਹੈ। ਉਨਾਂ ਕਿਹਾ ਕਿ ਇਸ ਤਰੀਕੇ ਨਾਲ ਬੀਜੀ ਕਣਕ ਦੀ ਫਸਲ ਵਿਚੋਂ ਵਧੇਰੇ ਪੈਦਾਵਾਰ ਮਿਲਦੀ ਹੈ ਜਿਸ ਨਾਲ ਖੇਤੀ ਆਮਦਨ ਵਧਾਉਣ ਵਿੱਚ ਵੀ ਮਦਦ ਮਿਲਦੀ ਹੈ। ਉਨਾਂ ਨੇ ਦੱਸਿਆ ਕਿ ਉਹ ਲਗਾਤਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਪਰਕ ਵਿੱਚ ਰਹਿੰਦਾ ਹੈ,ਸਿਖਲਾਈ ਕੈਂਪ,ਸੈਮੀਨਾਰ ਵਿੱਚ ਸ਼ਾਮਿਲ ਹੁੰਦਾ ਹੈ ਅਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਖੇਤੀ ਕਰਦਾ ਹੈ।
 

© 2016 News Track Live - ALL RIGHTS RESERVED