ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਸਾਇਣ ਮੁਕਤ ਬਾਸਮਤੀ ਪੈਦਾ ਕਰਨ ਲਈ ਪਿੰਡ ਝਲੋਆ ਵਿੱਚ ਕਿਸਾਨ ਕਲੱਬ ਦੀ ਜਾਗਰੁਕਤਾ ਮੀਟਿੰਗ

Jul 29 2019 04:44 PM
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਸਾਇਣ ਮੁਕਤ ਬਾਸਮਤੀ ਪੈਦਾ ਕਰਨ ਲਈ ਪਿੰਡ ਝਲੋਆ ਵਿੱਚ ਕਿਸਾਨ ਕਲੱਬ ਦੀ ਜਾਗਰੁਕਤਾ ਮੀਟਿੰਗ



ਪਠਾਨਕੋਟ

ਪੰਜਾਬ ਸਰਕਾਰ ਵੱਲੋਂ  ਸਥਾਪਤ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਰਸਾਇਣ ਮੁਕਤ ਬਾਸਮਤੀ ਪੈਦਾ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਝਲੋਆ ਵਿੱਚ ਉੱਦਮੀ ਕਿਸਾਨ ਗੌਰਵ ਕੁਮਾਰ ਦੇ ਫਾਰਮ ਤੇ ਪਠਾਨਕੋਟ ਕਿਸਾਨ ਉਤਪਾਦਕ ਭਲਾਈ ਸੰਗਠਨ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਡਾ. ਅਮਿਤ ਕੌਲ ਜ਼ਿਲਾ ਪਸਾਰ ਮਾਹਿਰ,ਡਾ ਸੀਮਾ ਸ਼ਰਮਾ ਸਹਾਇਕ ਪ੍ਰੋਫੈਸਰ(ਭੌਂ ਵਿਗਿਆਨ,,ਡਾ ਸੁਨੀਲ ਕੁਮਾਰ ਸਹਾਇਕ ਪ੍ਰੋਫੈਸਰ ( ਫਸਲ ਰੋਗ ਮਾਹਿਰ) ਕ੍ਰਿਸ਼ੀ ਵਿਗਿਆਨ ਕੇਂਦਰ, ਮੈਡਮ ਰਿਤੂ ਸਿੰੰਘ, ਤਿਲਕ ਰਾਜ, ਪ੍ਰਧਾਨ ਗੌਰਵ ਕੁਮਾਰ,ਸਮਾਜ ਸੇਵਕ ਸਤਵਿੰਦਰ ਸਿੰਘ,ਸੰਜੇ ਸਿੰਘ,ਯੁਧਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚਸੰਸਥਾ ਦੇ ਮੈਂਬਰ ਹਾਜ਼ਰ ਸਨ।
 ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦਾ ਮੁੱਖ ਮਕਸਦ ਬਲਾਕ ਪਠਾਨਕੋਟ ਦੇ ਕਿਸਾਨਾਂ ਨੂੰ ਉੱਚ ਮਿਆਰੀ ਅਤੇ ਸਹੀ ਮਿਕਦਾਰ ਵਿੱਚ ਰਸਾਇਣਕ ਖਾਦਾਂ ,ਖੇਤੀ ਰਸਾਇਣਾਂ ਅਤੇ ਉੱਚ ਗੁਣਵੱਤਾ ਦੇ ਬੀਜ ਉਪਲਬਧ ਕਰਵਾਉਣਾ ਹੈ ਤਾਂ ਜੋ ਆਮ ਨਾਗਰਿਕਾਂ ਨੂੰ ਸਾਫ ਪਾਣੀ,ਸ਼ੁੱਧ ਭੋਜਣ ਅਤੇ ਸ਼ੁੱਧ ਹਵਾ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਗੈਰ-ਮਿਆਰੀ ਬੀਜ, ਕੀਟਨਾਸ਼ਕ ਅਤੇ ਖਾਦਾਂ ਦੀ ਵਿਕਰੀ ਰੋਕਣ ਦੇ ਉਦੇਸ਼ ਨਾਲ ਮੋਬਾਈਲ ਹਲੈਪ ਲਾਈਨ ਨੰਬਰ 84373-12288 ਸਥਾਪਤ ਕੀਤੀ ਹੈ। ਉਨਾਂ ਕਿਹਾ ਕਿ ਬਾਸਮਤੀ ਦੀ ਫਸਲ ਵਿੱਚ ਕਾਲੇ ਤੇਲੇ ਦੀ ਰੋਕਥਾਮ ਲਈ ਕਦੇ ਵੀ ਸਿੰਥੈਟਿਕ ਪੈਰਥਰਾਇਡ  ਕੀਟਨਾਸ਼ਕ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਕੀਟਨਾਸ਼ਕ ਕਾਲੇ ਤੇਲੇ ਦੀ ਰੋਕਥਾਮ ਕਰਨ ਦੀ ਬਿਜਾਏ, ਉਸ ਦੀ ਗਿਣਤੀ  ਵਿੱਚ  ਵਾਧਾ  ਕਰਨ  ਵਿੱਚ  ਸਹਾਈ  ਹੁੰਦੀਆਂ ਹਨ। ਉਨਾਂ ਕਿਹਾ ਕਿ ਬਾਸਮਤੀ  ਦੀ  ਬਰਾਮਦ  ਨੂੰ ਉਤਸਾਹਿਤ ਕਰਨ ਲਈ ਐਸੀਫੇਟ, ਕਾਰਬੈਂਡਾਜ਼ਿਮ, ਥਾਈਮੀਥੋਕਸਮ, ਟਰਾਈਐਜੋਫਾਸ,  ਬੂਪਰੋਫੈਜਿਨ,  ਕਾਰਬੂਫੂਰੋਨ, ਪ੍ਰੋਪੀਕੋਨਾਜ਼ੋਲ,
ਥਾਇਆਫਨੇਟ ਮੀਥਾਈਲ ਅਤੇ ਟ੍ਰਾਈਸਾਈਕਲਾਜ਼ੋਲ ਦੀ  ਵਰਤੋਂ ਬਾਸਮਤੀ ਦੀ ਫਸਲ ਉੱਪਰ ਵਰਤੋਂ ਨਹੀ ਕਰਨੀ ਚਾਹੀਦੀ। ਡਾ. ਅਮਿਤ ਕੁਮਾਰ ਨੇ ਕਿਹਾ ਕਿ  ਕਿਸਾਨਾਂ ਨੂੰ ਸਿਫਾਰਸ਼ਸ਼ੁਦਾ ਮਿਕਦਾਰ ਵਿੱਚ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਨੂੰ ਪ੍ਰੇਰਿਤ ਕਰਨਾ ਚਾਹੀਦਾ ਤਾਂ ਜੋ ਸ਼ੁਧ ਭੋਜਨ ਤਿਆਰ ਕੀਤਾ ਜਾ ਸਕੇ। ਡਾ. ਸੀਮਾ ਸ਼ਰਮਾ ਨੇ ਝੋਨੇ ਵਿੱਚ ਆ ਰਹੀ ਜ਼ਿੰਕ ਦੀ ਘਾਟ ਬਾਰੇ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਖੇਤਾਂ ਵਿੱਚ ਲਗਾਤਾਰ ਪਾਣੀ ਖੜਾ ਰੱਕਣ ਦੀ ਬਿਜਾਏ ਪਹਿਲੇ ਲੱਗੇ ਪਾਣੀ ਦੇ ਸੁੱਕਣ ਤੋਂ ਬਾਅਦ ਹੀ ਪਾਣੀ ਲਗਾਇਆ ਜਾਵੇ।ਉਨਾਂ ਕਿਹਾ ਕਿ ਜਿੰਨਾਂ ਖੇਤਾਂ ਵਿੱਚ ਜ਼ਿੰਕ ਦੀ ਘਾਟ ਆ ਰਹੀ ਹੈ ,ਉਥੇ 6.5 ਕਿਲੋ ਜ਼ਿੰਕ ਸਲਫੇਟ 33% ਪ੍ਰਤੀ ਏਕੜ ਦਾ ਛੱਟਾ ਦੇ ਕੇ ਪਾ ਦੇਣੀ ਚਾਹੀਦੀ ਹੈ। ਡਾ. ਸੁਨੀਲ ਕੁਮਾਰ ਨੇ ਕਿਹਾ ਕਿ ਅਗੇਤੀ ਲਗਾਈ ਗਈ ਬਾਸਮਤੀ 1121 ਵਿੱਚ ਪੈਰਾਂ ਦੇ ਗਲਣ ਦਾ ਰੋਗ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਉਨਾਂ ਕਿਹਾ ਕਿ ਇਸ ਰੋਗ ਦੀ ਰੋਕਥਾਮ ਲਈ ਇਸ ਸਮੇਂ ਕੋਈ ਉੱਲੀਨਾਸ਼ਕ ਦੇ ਛਿੜਕਾਅ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ । ਉਨਾਂ ਕਿਹਾ ਕਿ ਇਸ ਰੋਗ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਪ੍ਰਭਾਵਤ ਬੂਟੇ ਖੇਤ ਵਿੱਚੋਂ ਜੜਾਂ ਸਮੇਤ ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ।ਪ੍ਰਧਾਨ ਗੌਰਵ ਕੁਮਾਰ ਨੇ ਜ਼ਮੀਨ ਹੇਠਲੇ ਪਾਣੀ ਦੇ ਬਚਾਅ ਲਈ ਅਪਣਾਈਆਂ ਤਕਨੀਕਾਂ ਜਿਵੇਂ ਝੋਨੇ ਦੀ ਸਿੱਧੀ ਬਿਜਾਈ, ਬਿਨਾਂ ਕੱਦੂ ਕੀਤਿਆਂ ਵੱਟਾਂ ਤੇ ਲਵਾਈ ਅਤੇ ਹੋਰ ਫਸਲਾਂ ਦੀ ਕਾਸ਼ਤ ਬਾਰੇ ਆਪਣੇ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕੀਤੇ। ਉਨਾਂ ਕਿਹਾ ਕਿ ਮਹੀਨੇ ਵਿੱਚ ਇੱਕ ਦਿਨ ਕਿਸੇ ਇੱਕ ਮੈਂਬਰ ਦੇ ਫਾਰਮ ਤੇ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਆਪਸੀ ਤਾਲਮੇਲ ਵਧਾਉਣ ਦੇ ਨਾਲ  ਨਾਲ ਮੈਂਬਰਾਂ ਦੇ ਤਜ਼ਰਬਿਆਂ ਤੋਂ ਗਿਆਨ ਪ੍ਰਾਪਤ ਕੀਤਾ ਜਾ ਸਕੇ।ਰਿੱਤੂ ਸਿੰਘ ਨੇ ਦੱਸਿਆ ਕਿ ਇਸ ਫਾਰਮ ਤੇ ਆ ਕੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ਜੋ ਭਵਿੱਖ ਦੀ ਖੇਤੀ ਲਈ ਲਾਹੇਵੰਦ ਹੋਵੇਗਾ।

© 2016 News Track Live - ALL RIGHTS RESERVED