ਸਿੱਖਿਆ ਮਹਿਕਮੇ ਦੀ ਕਮਾਨ ਹੁਣ ਵਿਜੇਇੰਦਰ ਸਿੰਗਲਾ ਕੋਲ

Jun 25 2019 04:26 PM
ਸਿੱਖਿਆ ਮਹਿਕਮੇ ਦੀ ਕਮਾਨ ਹੁਣ ਵਿਜੇਇੰਦਰ ਸਿੰਗਲਾ ਕੋਲ

ਚੰਡੀਗੜ੍ਹ:

ਹਮੇਸ਼ਾਂ ਵਿਵਾਦਾਂ ਵਿੱਚ ਰਹੇ ਸਿੱਖਿਆ ਮਹਿਕਮੇ ਦੀ ਕਮਾਨ ਹੁਣ ਵਿਜੇਇੰਦਰ ਸਿੰਗਲਾ ਕੋਲ ਹੈ। ਪਿਛਲੀ ਦਿਨੀਂ ਅਹੁਦੇ ਸੰਭਾਲਣ ਮਗਰੋਂ ਉਹ ਕਾਫੀ ਸਰਗਰਮੀ ਵਿਖਾ ਰਹੇ ਹਨ। ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡਾ ਮਸਲਾ ਬਦਲੀਆਂ ਦਾ ਹੈ। ਅਕਸਰ ਹੀ ਬਦਲੀਆਂ ਨੂੰ ਲੈ ਕੇ ਸਰਕਾਰ ਉੱਪਰ ਭ੍ਰਿਸ਼ਟਾਚਾਰ ਤੇ ਪੱਖਪਾਤ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ। ਇਸ ਲਈ ਸਰਕਾਰ ਨੇ ਬਦਲੀ ਨੀਤੀ ਬਣਾਈ ਹੈ ਪਰ ਇਹ ਅਜੇ ਤੱਕ ਲਾਗੂ ਨਹੀਂ ਕੀਤੀ ਜਾ ਰਹੀ ਸੀ। ਇਹ ਨੀਤੀ ਪਹਿਲੀ ਅਪਰੈਲ 2019 ਤੋਂ ਲਾਗੂ ਹੋਣੀ ਸੀ।
ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਬਦਲੀ ਨੀਤੀ ਲਾਗੂ ਕਰਕੇ ਅਧਿਆਪਕਾਂ ਦੇ ਸਾਰੇ ਸ਼ਿਕਵੇ ਦੂਰ ਕਰਨ ਜਾ ਰਹੇ ਹਨ। ਸਰਕਾਰ ਦਾ ਦਾਅਵਾ ਹੈ ਕਿ ਇਸ ਨੀਤੀ ਤਹਿਤ ਕਿਸੇ ਨਾਲ ਪੱਖਪਾਤ ਨਹੀਂ ਹੋਏਗਾ ਤੇ ਨਾ ਹੀ ਕਿਸੇ ਸਿਫਾਰਸ਼ ਦੀ ਲੋੜ ਪਏਗੀ। ਮੈਰਿਟ ਦੇ ਆਧਾਰ 'ਤੇ ਬਦਲੀਆਂ ਹੋਣਗੀਆਂ। ਦਰਅਸਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਵੀ ਨਵੀਂ ਤਬਾਦਲਾ ਕੀਤੀ ਨੂੰ ਲਾਗੂ ਕਰਵਾਉਣ ਲਈ ਕਾਫ਼ੀ ਜੱਦੋਜਹਿਦ ਕਰ ਰਹੇ ਸੀ।
ਨਵੀਂ ਤਬਾਦਲਾ ਨੀਤੀ 2019 ਮੁਤਾਬਕ ਅਧਿਆਪਕ ਆਪਣੀ ਬਦਲੀ ਲਈ ਹਰ ਵਰ੍ਹੇ 15 ਜਨਵਰੀ ਤੋਂ 15 ਫਰਵਰੀ ਤੱਕ ਆਨਲਾਈਨ ਅਪਲਾਈ ਕਰ ਸਕਣਗੇ। ਮਹਿਕਮਾ ਮੈਰਿਟ ਦੇ ਅਧਾਰ ’ਤੇ ਹਰ ਵਰ੍ਹੇ ਮਾਰਚ ਦੇ ਦੂਜੇ ਹਫ਼ਤੇ ਬਦਲੀਆਂ ਦੇ ਹੁਕਮ ਜਾਰੀ ਕਰੇਗਾ। ਦੋ ਗੇੜਾਂ ਵਿੱਚ ਬਦਲੀਆਂ ਹੋਣਗੀਆਂ। ਪਹਿਲੇ ਗੇੜ ਵਿੱਚ ਬਦਲੀਆਂ ਮਗਰੋਂ ਜੋ ਸਟੇਸ਼ਨ ਖਾਲੀ ਹੋਣਗੇ, ਉਨ੍ਹਾਂ ਨੂੰ ਮੈਰਿਟ ਦੇ ਅਧਾਰ ’ਤੇ ਭਰਿਆ ਜਾਵੇਗਾ। ਗੰਭੀਰ ਬੀਮਾਰੀਆਂ ਤੋਂ ਪੀੜਤਾਂ ਤੇ ਅੰਗਹੀਣਾਂ ਦੀ ਬਦਲੀ ਦੀ ਅਰਜ਼ੀ ਪੂਰੇ ਸਾਲ ਵਿਚਾਰੀ ਜਾ ਸਕੇਗੀ।
ਨਵੀਂ ਨੀਤੀ ਵਿੱਚ 250 ਅੰਕ ਰੱਖੇ ਗਏ ਹਨ ਜਿਨ੍ਹਾਂ ਦੇ ਅਧਾਰ ਤੇ ਅਧਿਆਪਕਾਂ ਦੇ ਤਬਾਦਲੇ ਕੀਤੇ ਜਾਣੇ ਹਨ। ਤਬਾਦਲੇ ਲਈ 250 ਅੰਕ ਤੈਅ ਕੀਤੇ ਗਏ ਹਨ, ਉਨ੍ਹਾਂ ’ਚੋਂ ਘੱਟੋ-ਘੱਟ 95 ਅੰਕਾਂ ਵਾਲੇ ਅਧਿਆਪਕਾਂ ਦੀ ਅਰਜ਼ੀ ਤਬਾਦਲੇ ਲਈ ਤਰਜੀਹੀ ਰਹੇਗੀ। ਅਧਿਆਪਕਾਂ ਦੀ ਕਾਰਗੁਜ਼ਾਰੀ ਮੁੱਖ ਅਧਾਰ ਬਣੇਗੀ। ਬੋਰਡ ਦੇ ਨਤੀਜਿਆਂ ਦੇ 40 ਅੰਕ ਰੱਖੇ ਗਏ ਹਨ। 50 ਫ਼ੀਸਦ ਤੋਂ ਘੱਟ ਨਤੀਜਿਆਂ ਦਾ ਕੋਈ ਅੰਕ ਨਹੀਂ ਮਿਲੇਗਾ ਜਦਕਿ ਸੌ ਫ਼ੀਸਦ ਨਤੀਜਿਆਂ ਵਾਲੇ ਅਧਿਆਪਕਾਂ ਨੂੰ 40 ਅੰਕ ਦਿੱਤੇ ਜਾਣਗੇ।
ਇਸੇ ਤਰ੍ਹਾਂ 48 ਸਾਲ ਦੀ ਉਮਰ ਤੱਕ ਇੱਕ ਅੰਕ, 49 ਸਾਲ ਦੀ ਉਮਰ ਦੇ ਅਧਿਆਪਕ ਨੂੰ 2 ਅੰਕ ਤੇ ਵੱਧ ਤੋਂ ਵੱਧ ਉਮਰ ਦੇ 10 ਅੰਕ ਮਿਲਣਗੇ। ਜੋ ਵਿਧਵਾ/ਤਲਾਕਸ਼ੁਦਾ/ਅਣਵਿਆਹੀ ਅਧਿਆਪਕਾ ਹੋਵੇਗੀ, ਉਸ ਨੂੰ 10 ਅੰਕ ਮਿਲਣਗੇ ਅਤੇ ਇਸੇ ਤਰ੍ਹਾਂ ਪੁਰਸ਼ ਅਧਿਆਪਕ ਨੂੰ ਪਤਨੀ ਦੀ ਮੌਤ ਦੀ ਸੂਰਤ ਵਿਚ ਵੱਖਰੇ 5 ਅੰਕ ਮਿਲਣਗੇ। ਜਿਨ੍ਹਾਂ ਅਧਿਆਪਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹੋਣਗੇ, ਉਨ੍ਹਾਂ ਅਧਿਆਪਕਾਂ ਨੂੰ ਵੱਖਰੇ 15 ਅੰਕ ਮਿਲਣਗੇ।
ਇਹ ਸ਼ਰਤ ਵੀ ਲਾਜ਼ਮੀ ਰੱਖੀ ਗਈ ਹੈ ਕਿ ਜਿਸ ਸਕੂਲ ਵਿਚ ਅਧਿਆਪਕ ਆਪਣੀ ਬਦਲੀ ਕਰਵਾਉਣ ਦਾ ਇੱਛੁਕ ਹੈ, ਉਸ ਸਕੂਲ ਦੇ 15 ਕਿਲੋਮੀਟਰ ਦੇ ਘੇਰੇ ਵਿੱਚ ਉਸ ਅਧਿਆਪਕ ਦੇ ਕਿਸੇ ਨੇੜਲੇ ਸਬੰਧੀ ਦਾ ਕੋਈ ਪ੍ਰਾਈਵੇਟ ਸਕੂਲ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਜੋ ਅਧਿਆਪਕ ਇਕ-ਦੂਜੇ ਦੀ ਥਾਂ ਬਦਲੀ ਕਰਵਾਉਣ ਲਈ ਅਪਲਾਈ ਕਰਨਗੇ, ਉਨ੍ਹਾਂ ਅਧਿਆਪਕਾਂ ਦੇ ਘੱਟੋ-ਘੱਟੋ 125-125 ਅੰਕ ਬਣਦੇ ਹੋਣੇ ਜ਼ਰੂਰੀ ਹੋਣਗੇ।

© 2016 News Track Live - ALL RIGHTS RESERVED