ਬੈਂਕ ਮੁਲਾਜ਼ਮਾਂ ਦੇ ਵਾਰ-ਵਾਰ ਗੇੜਿਆਂ ਤੋਂ ਪਰੇਸ਼ਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ

Dec 11 2018 03:27 PM
ਬੈਂਕ ਮੁਲਾਜ਼ਮਾਂ ਦੇ ਵਾਰ-ਵਾਰ ਗੇੜਿਆਂ ਤੋਂ ਪਰੇਸ਼ਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ

ਮੁਕਤਸਰ ਸਾਹਿਬ:

ਇੱਥੋਂ ਦੇ ਪਿੰਡ ਰਾਮਗੜ ਚੂੰਘਾਂ ਦੇ ਕਿਸਾਨ ਇਕਬਾਲ ਸਿੰਘ ਨੇ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਕਬਾਲ ਸਿੰਘ ਨੇ ਬੈਂਕ ਤੋਂ 11 ਲੱਖ ਰੁਪਏ ਦੀ ਲਿਮਟ ਬਣਵਾਈ ਸੀ, ਪਰ ਵਾਪਸ ਕਰਨ ਤੋਂ ਅਸਮਰਥ ਸੀ। ਬੈਂਕ ਮੁਲਾਜ਼ਮਾਂ ਦੇ ਵਾਰ-ਵਾਰ ਗੇੜਿਆਂ ਤੇ ਨੋਟਿਸਾਂ ਨੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਆਪਣੇ ਘਰ ਵਿੱਚ ਹੀ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰ ਲਈ।
ਮ੍ਰਿਤਕ ਕਿਸਾਨ ਦੇ ਲੜਕੇ ਗੁਰਸਾਰਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕੁੱਲ 9 ਕਿੱਲੇ 6 ਕਨਾਲਾਂ ਦਾ ਰਕਬਾ ਹੈ। ਇਹ ਰਕਬਾ ਟੇਲਾਂ 'ਤੇ ਹੋਣ ਕਾਰਨ ਨਹਿਰੀ ਪਾਣੀ ਦੀ ਵੱਡੀ ਕਮੀ ਹੈ। ਇਸ ਦੇ ਚੱਲਦਿਆਂ ਨਰਮੇ ਜਿਹੀ ਘੱਟ ਪਾਣੀ ਵਾਲੀ ਫ਼ਸਲ ਸਹੀ ਤਰ੍ਹਾਂ ਨਹੀਂ ਹੁੰਦੀ। ਉਸ ਨੇ ਦੱਸਿਆ ਕਿ ਸਭ ਹੀਲਿਆਂ ਦੇ ਬਾਵਜੂਦ ਉਹ ਬੈਂਕ ਦਾ ਕਰਜ਼ਾ ਮੋੜਨ ਤੋਂ ਅਸਮਰੱਥ ਹਨ। ਪਰ ਕਾਫੀ ਅਰਸੇ ਤੋਂ ਬੈਂਕ ਮੈਨੇਜਰ ਤੇ ਫੀਲਡ ਅਫ਼ਸਰ ਉਨ੍ਹਾਂ ਦੇ ਘਰ ਲਗਾਤਾਰ ਗੇੜੇ ਮਾਰੇ ਜਾ ਰਹੇ ਸਨ। ਉਹ ਧਮਕੀ ਭਰੇ ਲਹਿਜ਼ੇ ਵਿੱਚ ਉਸ ਦੇ ਬਾਪ ਨੂੰ 13 ਲੱਖ ਦੀ ਰਕਮ ਭਰਨ ਲਈ ਜ਼ੋਰ ਪਾ ਰਹੇ ਸਨ। ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਜੇਲ੍ਹ ਭੇਜਣ ਦੀ ਗੱਲ ਆਖ ਰਹੇ ਸਨ।
ਉਸ ਨੇ ਇਹ ਵੀ ਦੱਸਿਆ ਕਿ ਬੈਂਕ ਅਧਿਕਾਰੀਆਂ ਵੱਲੋਂ ਉਸ ਦੇ ਬਾਪ ਤੋਂ ਖਾਲੀ ਚੈੱਕ ਲਏ ਗਏ ਸਨ ਅਤੇ ਕੇਸ ਦਾਇਰ ਕਰਦਿਆਂ ਉਹ ਚੈੱਕ ਅਦਾਲਤ ਵਿੱਚ ਦੇ ਕੇ ਸੰਮਨ ਭੇਜੇ ਜਾ ਰਹੇ ਸਨ। ਗੁਰਸਾਰਜ ਨੇ ਖੁਲਾਸਾ ਕੀਤਾ ਕਿ ਉਨਾਂ ਬੈਂਕ ਵਾਲਿਆਂ ਨੂੰ ਕਿਸ਼ਤਾਂ ਵਿੱਚ ਕਰਜ਼ਾ ਮੋੜਨ ਦੀ ਬੇਨਤੀ ਕੀਤੀ ਸੀ। ਜਿਸ ਨੂੰ ਨਕਾਰਦਿਆਂ ਬੈਂਕ ਵਾਲਿਆਂ ਨੇ ਆਪਣਾ ਦਬਦਬਾ ਕਾਇਮ ਰੱਖਿਆ। ਇਹ ਦਬਾਅ ਨਾ ਝਲਦੇ ਹੋਏ ਅੱਜ ਸਵੇਰੇ ਕਰੀਬ 7.30 ਵਜੇ ਉਸ ਦੇ ਬਾਪ ਨੇ ਕੀਟਨਾਸ਼ਕ ਨਿਗਲ ਕੇ ਖੁਦਕੁਸ਼ੀ ਕਰ ਲਈ।
ਗੁਰਸਾਰਜ ਨੇ ਆਪਣੇ ਬਾਪ ਦੀ ਮੌਤ ਲਈ ਬੈਂਕ ਮੁਲਾਜਮਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੁਲਿਸ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਪੰਜਾਬ ਸਰਕਾਰ ਤੋਂ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਦਾ ਕਹਿਣਾ ਸੀ ਕਿ ਵਾਰਸਾਂ ਦੇ ਬਿਆਨਾਂ ਉਪਰੰਤ ਧਾਰਾ 174 ਦੀ ਕਾਰਵਾਈ ਮਗਰੋਂ ਲਾਸ਼ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਏਗੀ।

© 2016 News Track Live - ALL RIGHTS RESERVED