'ਪ੍ਰਾਹੁਣਾ' ਨੇ ਕੀਤਾ 5.63 ਕਰੋੜ ਦਾ ਕਾਰੋਬਾਰ

Oct 02 2018 12:02 PM
'ਪ੍ਰਾਹੁਣਾ' ਨੇ ਕੀਤਾ 5.63 ਕਰੋੜ ਦਾ ਕਾਰੋਬਾਰ


ਬੀਤੇ ਸ਼ੁੱਕਰਵਾਰ ਸਿਨੇਮਾਘਰਾਂ 'ਚ ਕੁਲਵਿੰਦਰ ਬਿੱਲਾ ਤੇ ਵਾਮਿਕਾ ਗਾਬੀ ਦੀ ਪੰਜਾਬੀ ਫਿਲਮ 'ਪ੍ਰਾਹੁਣਾ' ਰਿਲੀਜ਼ ਹੋਈ। 'ਪ੍ਰਾਹੁਣਾ' ਫਿਲਮ ਪੰਜਾਬੀ ਵਿਆਹ 'ਤੇ ਆਧਾਰਿਤ ਹੈ, ਜਿਥੇ ਨਾ-ਸਿਰਫ ਤਿੰਨ ਪ੍ਰਾਹੁਣਿਆਂ ਦੀ ਸ਼ੁਗਲਬੰਦੀ ਦੇਖਣ ਨੂੰ ਮਿਲੇਗੀ ਸਗੋਂ ਇਸ ਵਿਆਹ 'ਚ ਕਿਸੇ ਨੂੰ ਉਸ ਦਾ ਪਿਆਰ ਵੀ ਨਸੀਬ ਹੁੰਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਕੁਲਵਿੰਦਰ ਬਿੱਲਾ ਦੀ ਫਿਲਮ 'ਪ੍ਰਾਹੁਣਾ' ਨੇ ਪਹਿਲੇ ਦਿਨ ਭਾਰਤ 'ਚ 1.60 ਕਰੋੜ, ਦੂਜੇ ਦਿਨ 1.85 ਅਤੇ ਤੀਜੇ ਦਿਨ 2.18 ਦਾ ਕਾਰੋਬਾਰ ਕੀਤਾ ਹੈ। ਨਤੀਜੇ ਵਜੋਂ ਫਿਲਮ ਨੇ ਹੁਣ ਤੱਕ 5.63 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਖੁਦ ਕੁਲਵਿੰਦਰ ਬਿੱਲਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟਰਜ਼ ਸ਼ੇਅਰ ਕਰ ਕੇ ਦਿੱਤੀ ਹੈ। ਦੱਸ ਦੇਈਏ ਕਿ ਫਿਲਮ ਦੀ ਕਹਾਣੀ 80 ਦੇ ਦਹਾਕੇ 'ਤੇ ਆਧਾਰਿਤ ਹੈ।
ਇਸ 'ਚ ਵਿਆਹ ਵਾਲਾ ਮਾਹੌਲ ਦਿਖਾਇਆ ਗਿਆ ਹੈ। ਫਿਲਮ 'ਚ ਨਾ-ਸਿਰਫ ਪੁਰਾਣੇ ਸਮੇਂ ਦੇ ਵਿਆਹ ਸਗੋਂ ਪੁਰਾਣਾ ਪੰਜਾਬ ਵੀ ਬੇਹੱਦ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ। ਕੁਲਵਿੰਦਰ ਬਿੱਲਾ ਫਿਲਮ 'ਚ 'ਜੰਟਾ' ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਪ੍ਰੀਤੀ ਸਪਰੂ ਬਹੁਤ ਪਸੰਦ ਹੁੰਦੀ ਹੈ। ਉਹ ਵਿਆਹ ਤਾਂ ਕਰਵਾਉਣਾ ਚਾਹੁੰਦਾ ਹੈ ਪਰ ਪ੍ਰੀਤੀ ਸਪਰੂ ਵਰਗੀ ਕੁੜੀ ਨਾਲ। ਉਸ ਦੀ ਭਾਲ 'ਮਾਣੋ' ਯਾਨੀ ਕਿ ਵਾਮਿਕਾ ਗਾਬੀ 'ਤੇ ਆ ਕੇ ਮੁੱਕਦੀ ਹੈ।
ਪੰਜਾਬੀ ਵਿਆਹ 'ਚ ਜਵਾਈ ਦੀ ਸੁਹਰੇ ਘਰ 'ਚ ਬੇਹੱਦ ਖਾਸ ਤੇ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜੇਕਰ ਵਿਆਹ 'ਚ ਪ੍ਰਾਹੁਣੇ ਹੀ ਨਾ ਰੁੱਸਣ ਤਾਂ ਉਹ ਵਿਆਹ ਹੀ ਕਾਹਦਾ। ਦਰਅਸਲ ਫਿਲਮ 'ਚ ਪੁਰਾਣਾ ਸੱਭਿਆਚਾਰ ਅਤੇ ਪੁਰਾਣੇ ਵਿਆਹਾਂ ਦੀਆਂ ਰਸਮਾਂ ਦੇ ਨਾਲ-ਨਾਲ ਜਵਾਈਆਂ ਦੇ ਕਿੱਸਿਆਂ ਨੂੰ ਵੀ ਦਰਸਾਇਆ ਗਿਆ ਹੈ।
ਫਿਲਮ 'ਚ ਕੁਲਵਿੰਦਰ ਬਿੱਲਾ ਵਾਮਿਕਾ ਗੱਬੀ ਨੂੰ ਪ੍ਰੀਤੀ ਸਪਰੂ ਦੇ ਰੂਪ 'ਚ ਦੇਖਦਾ ਹੈ ਅਤੇ ਫਿਰ ਹੋਲੀ-ਹੋਲੀ ਦੋਵਾਂ 'ਚ ਪਿਆਰ ਸ਼ੁਰੂ ਹੋ ਜਾਂਦਾ ਹੈ। ਫਿਲਮ ਦੇ ਬਾਕੀ ਪ੍ਰਾਹੁਣੇ ਲੰਬਰਦਾਰ ਵੱਡਾ ਪ੍ਰਾਹੁਣਾ ਕਰਮਜੀਤ ਅਨਮੋਲ, ਛੋਟਾ ਪ੍ਰਾਹੁਣਾ ਪਟਵਾਰੀ ਹਾਰਬੀ ਸੰਘਾ, ਫੋਜੀ ਸਭ ਤੋ ਵੱਡਾ ਪ੍ਰਾਹੁਣਾ ਸਰਦਾਰ ਸੋਹੀ ਹਨ। ਇਨਾਂ ਤੋ ਇਲਾਵਾ ਫਿਲਮ 'ਚ ਅਨੀਤਾ ਮੀਤ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਮਲਕੀਤ ਰੋਣੀ ਸਮੇਤ ਕਈ ਹੋਰ ਸਿਤਾਰੇ ਵੀ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਸੁਖਰਾਜ ਸਿੰਘ ਦੀ ਲਿਖੀ ਇਸ ਫਿਲਮ ਨੂੰ ਅੰਮਿਤ ਰਾਜ ਚੱਢਾ ਅਤੇ ਮੋਹਿਤ ਬਨਵੈਤ ਨੇ ਨਿਰਦੇਸ਼ਤ ਕੀਤਾ ਹੈ। ਫਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਮਨੀ ਧਾਲੀਵਾਲ, ਅਤੇ ਸਹਿ ਨਿਰਮਾਤਾ ਸੁਮੀਤ ਸਿੰਘ ਹਨ।
 

© 2016 News Track Live - ALL RIGHTS RESERVED